ਐਡਵੋਕੇਟ ਪ੍ਰਵੇਸ਼ ਖੋਸਲਾ ਵੱਲੋਂ ਪਿੰਡਾਂ ’ਚ ਘਰ-ਘਰ ਪ੍ਰਚਾਰ ਐਡਵੋਕੇਟ ਪ੍ਰਵੇਸ਼ ਖੋਸਲਾ ਵੱਲੋਂ ਵੱਖ-ਵੱਖ ਪਿੰਡਾਂ 'ਚ ਘਰ-ਘਰ ਪ੍ਰਚਾਰ
Publish Date: Fri, 18 Sep 2026 04:51 PM (IST)
Updated Date: Fri, 18 Sep 2026 04:53 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਮੁਹਿੰਮ ਚਲਾ ਕੇ ਮੈਂਬਰ ਆਫ਼ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਉਨ੍ਹਾਂ ਪਿੰਡ ਜੈਨਪੁਰ, ਐਮਾਂ, ਸਹੁੰਗੜਾ ਅਤੇ ਦਿਆਲਾ ਵਿਖੇ ਘਰ-ਘਰ ਜਾ ਕੇ ਸੰਪਰਕ ਕੀਤਾ ਅਤੇ ਪਾਰਟੀ ਦੇ ਸੰਦੇਸ਼ ਨੂੰ ਲੋਕਾਂ ਨਾਲ ਸਾਂਝਾ ਕੀਤਾ। ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਸਮਾਜ ਦੇ ਸੁਧਾਰ ਲਈ ਅੱਗੇ ਵਧਣਾ ਪਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਮਨੋਰਥ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਨੌਜਵਾਨੀ ਨੂੰ ਸਹੀ ਦਿਸ਼ਾ ਦੇਣਾ ਹੈ। ਐਡਵੋਕੇਟ ਖੋਸਲਾ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਖ ਵਿਚਾਰਾਂ ’ਤੇ ਚਾਨਣਾ ਪਾਇਆ। ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰਮੁੱਖ ਸੋਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢ ਕੇ ਅੰਮ੍ਰਿਤ ਵੇਲੇ ਅਤੇ ਗੁਰਬਾਣੀ ਨਾਲ ਜੋੜਨਾ ਹੈ, ਤਾਂ ਜੋ ਪੰਜਾਬ ਦਾ ਭਵਿੱਖ ਸੁਰੱਖਿਅਤ ਹੋ ਸਕੇ। ਆਪਣੀ ਅਮੀਰ ਵਿਰਾਸਤ, ਸਿੱਖ ਸਰੂਪ ਅਤੇ ਇਤਿਹਾਸ ’ਤੇ ਮਾਣ ਕਰਦਿਆਂ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਦੇ ਹਰੇਕ ਵਰਗ ਨੂੰ ਨਿਆਂ ਦਿਵਾਉਣ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ’ਤੇ ਡਟ ਕੇ ਪਹਿਰਾ ਦੇਣ ਲਈ ਏਕਤਾ ਜ਼ਰੂਰੀ ਹੈ। ਇਸ ਪ੍ਰਚਾਰ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਐਡਵੋਕੇਟ ਪ੍ਰਵੇਸ਼ ਖੋਸਲਾ ਦਾ ਭਰਵਾਂ ਸਵਾਗਤ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦਾ ਪੂਰਨ ਸਮਰਥਨ ਕਰਨ ਦਾ ਭਰੋਸਾ ਦਿਵਾਇਆ।