ਪਿੰਡ ਕਾਹਲੋਂ ’ਚ ਮਲੇਰੀਆ ਤੇ ਡੇਂਗੂ ਸਬੰਧੀ ਕੀਤਾ ਜਾਗਰੂਕ ਪਿੰਡ ਕਾਹਲੋਂ ਵਿਖੇ ਮਲੇਰੀਆ ਅਤੇ ਡੇਂਗੂ ਸੰਬੰਧੀ ਗਤੀਵਿਧੀਆਂ ਕਰਵਾਈਆਂ
Publish Date: Thu, 20 Aug 2026 03:49 PM (IST)
Updated Date: Thu, 20 Aug 2026 03:51 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਬ-ਨੈਸ਼ਨਲ ਮਲੇਰੀਆ ਐਲੀਮੀਨੇਸ਼ਨ ਵੈਰੀਫਿਕੇਸ਼ਨ ਦੇ ਸਬੰਧ ਵਿਚ ਜ਼ੋਨਲ ਐਂਟੋਮੋਲੋਜਿਸਟ ਸੁਮੀਤ ਵੱਲੋਂ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਅਧੀਨ ਪੈਂਦੇ ਪਿੰਡ ਕਾਹਲੋਂ ਦਾ ਦੌਰਾ ਕਰ ਕੇ ਮਲੇਰੀਆ ਅਤੇ ਡੇਂਗੂ ਸਰਵੀਲੈਂਸ ਸਰਗਰਮੀਆਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਸਿਹਤ ਟੀਮ ਵੱਲੋਂ ਮਲੇਰੀਆ ਅਤੇ ਡੇਂਗੂ ਦੀ ਨਿਗਰਾਨੀ ਲਈ ਘਰ-ਘਰ ਸਰਵੀਲੈਂਸ, ਬੁਖਾਰ ਦੇ ਮਾਮਲਿਆਂ ਦੀ ਜਾਂਚ ਅਤੇ ਮੱਛਰਾਂ ਦੀ ਪੈਦਾਇਸ਼ ਵਾਲੀਆਂ ਸੰਭਾਵਿਤ ਥਾਵਾਂ ਦੀ ਪਛਾਣ ਸਬੰਧੀ ਸਰਗਰਮੀਆਂ ਕੀਤੀਆਂ। ਪੀਐੱਚਸੀ ਮੁਜ਼ੱਫਰਪੁਰ ਦੀ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ ਮਲੇਰੀਆ ਦੀ ਸਥਾਨਕ ਟਰਾਂਸਮਿਸ਼ਨ ਨੂੰ ਰੋਕਣ ਅਤੇ ਮਲੇਰੀਆ ਐਲੀਮੀਨੇਸ਼ਨ ਦੇ ਟੀਚੇ ਨੂੰ ਕਾਇਮ ਰੱਖਣ ਲਈ ਲਗਾਤਾਰ ਸਰਵੇਲੈਂਸ, ਸਮੇਂ ਸਿਰ ਜਾਂਚ ਅਤੇ ਪ੍ਰਭਾਵਸ਼ਾਲੀ ਵੈਕਟਰ ਕੰਟਰੋਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਬ-ਨੈਸ਼ਨਲ ਵੈਰੀਫਿਕੇਸ਼ਨ ਦਾ ਉਦੇਸ਼ ਮਲੇਰੀਆ ਦੀ ਸਥਾਨਕ ਟਰਾਂਸਮਿਸ਼ਨ ਨੂੰ ਖਤਮ ਕਰਨ ਦੀ ਪ੍ਰਗਤੀ ਦੀ ਜ਼ਮੀਨੀ ਪੱਧਰ ’ਤੇ ਪੁਸ਼ਟੀ ਕਰਨਾ ਅਤੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਜ਼ਿਲ੍ਹੇ ਵਿਚ ਆਖ਼ਰੀ ਇੰਡੀਜੀਨਸ ਮਲੇਰੀਆ ਕੇਸ ਸਾਲ 2018 ਵਿਚ ਰਿਪੋਰਟ ਹੋਇਆ ਸੀ। ਇਸ ਮੌਕੇ ਸਿਹਤ ਟੀਮ ਨੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ ਹੋਣ ਦੀ ਸੂਰਤ ਵਿਚ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਖੇ ਜਾਂਚ ਕਰਵਾਈ ਜਾਵੇ ਅਤੇ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਂਦਿਆਂ ਘਰਾਂ, ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਨਿਯਮਿਤ ਸਫ਼ਾਈ ਕੀਤੀ ਜਾਵੇ। ਪਿੰਡ ਕਾਹਲੋਂ ਦੇ ਸਰਪੰਚ ਬਲਕਰਨ ਸਿੰਘ ਕਾਹਲੋਂ ਵੱਲੋਂ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀ ਟੀਮ ਨੂੰ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ, ਰਵੀਇੰਦਰ ਸਿੰਘ, ਮਪਹਵ (ਮੇਲ) ਮਨਦੀਪ ਸਿੰਘ ਤੇ ਪਰਮਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਮੌਜੂਦ ਸਨ।