ਇਨਾਮ ਵੰਡ ਸਮਾਰੋਹ 'ਅਭਿਨੰਦਨ-2026' ਯਾਦਾਂ ਵਿਖੇਰਦਾ ਸੰਪੰਨ ਬੀਐਮਪੀਐਸ 'ਚ ਇਨਾਮ ਵੰਡ ਸਮਾਰੋਹ 'ਅਭਿਨੰਦਨ-2026' ਯਾਦਾਂ ਵਿਖੇਰਦਾ ਸੰਪੰਨ
Publish Date: Mon, 05 Oct 2026 05:03 PM (IST)
Updated Date: Tue, 06 Oct 2026 04:05 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਇਨਾਮ ਵੰਡ ਸਮਾਰੋਹ ਅਭਿਨੰਦਨ-2026 ਦਾ ਸ਼ਾਨਦਾਰ ਆਯੋਜਨ ਸਕੂਲ ਦੇ ਮੈਦਾਨ ਚ ਬਹੁਤ ਹੀ ਉਤਸ਼ਾਹ ਨਾਲ ਕੀਤਾ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਪ੍ਰਸ਼ਾਸਨਿਕ ਸਲਾਹਕਾਰ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸੰਕਲਪ ਦੇ ਸੰਸਥਾਪਕ ਸੰਤੋਸ਼ ਕੁਮਾਰ ਤਨੇਜਾ ਅਤੇ ਸੁਕੇਤ ਧੀਰ, ਸਹਿ-ਸੰਸਥਾਪਕ ਅਤੇ ਕ੍ਰੀਏਟਿਵ ਡਾਇਰੈਕਟਰ ਮੌਜੂਦ ਰਹੇ। ਸਮਾਗਮ ਦਾ ਸ਼ੁੱਭ ਆਰੰਭ ਮਹਿਮਾਨਾਂ ਵੱਲੋਂ ਦੀਪ ਜਗਾ ਕੇ ਕੀਤਾ। ਉਪਰੰਤ ਸਕੂਲ ਦੀ ਪ੍ਰਿੰ. ਕੇ. ਵਸੁਧਾ ਜੈਨ ਨੇ ਸਮਾਰੋਹ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਹਾਰਦਿਕ ਸਵਾਗਤ ਕੀਤਾ।।ਨੰਨ੍ਹੇ-ਮੁੰਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾ-ਰੰਗ ਸੱਭਿਆਚਾਰਕ ਕਾਰਜਕ੍ਰਮਾਂ ਨੇ ਸਭ ਦਾ ਮਨ ਮੋਹ ਲਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਸੰਤੋਸ਼ ਕੁਮਾਰ ਤਨੇਜਾ ਅਤੇ ਸੁਕੇਤ ਧੀਰ ਵੱਲੋਂ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਵਿਚ 95 ਫ਼ੀਸਦੀ ਅਤੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 70 ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਨਕਦ ਇਨਾਮ ਪ੍ਰਦਾਨ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਦੇ ਨਾਲ ਹੀ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਕੂਲ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ। ਸਮਾਰੋਹ ਦਾ ਮੁੱਖ ਆਕਰਸ਼ਣ ਭਾਰਤ: ਅਤੀਤ ਦੀਆਂ ਜੜ੍ਹਾਂ ਤੋਂ ਭਵਿੱਖ ਦੇ ਪੰਖਾਂ ਤੱਕ ਵਿਸ਼ੇ ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਰਹੀ। ਵੱਖ-ਵੱਖ ਨ੍ਰਿਤ-ਨਾਚਾਂ, ਗੀਤਾਂ ਅਤੇ ਨਾਟਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ, ਸਭਿਅਤਾ, ਪਰੰਪਰਾਵਾਂ, ਵਰਤਮਾਨ ਉਪਲਬਧੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਵ ਭਾਰਤ ਵੱਲ ਵਧਦੇ ਕਦਮ ਵਿਸ਼ੇ ਨੂੰ ਮੂਕ ਅਦਾਕਾਰੀ ਰਾਹੀਂ ਪ੍ਰਭਾਵਸ਼ਾਲੀ ਰੂਪ ਵਿਚ ਪੇਸ਼ ਕੀਤਾ। ਇਸ ਤੋਂ ਇਲਾਵਾ ਗੁਰੂਆਂ ਦੀ ਗਾਥਾ , ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦਾ ਪੰਜਾਬੀ ਮੈਸ਼ਅਪ ਅਤੇ ਬੇਟੀਆਂ ਦਾ ਗਿੱਧਾ ਵਰਗੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਪੰਜਾਬ ਦੇ ਲੋਕ-ਸੱਭਿਆਚਾਰ ਨੂੰ ਜੀਵੰਤ ਕਰਦੇ ਹੋਏ ਪੇਸ਼ ਕੀਤੇ ਗਏ ਭੰਗੜੇ ਨੇ ਵੀ ਖੂਬ ਸ਼ਲਾਘਾ ਖੱਟੀ। ਮੁੱਖ ਮਹਿਮਾਨ ਸੰਤੋਸ਼ ਕੁਮਾਰ ਤਨੇਜਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੂਲ ਵਿਚ ਜਿੱਥੇ ਇੱਕ ਪਾਸੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਦਾ ਅਦਭੁਤ ਸੰਚਾਰ ਵੀ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਜਕ੍ਰਮ ਦੀ ਹਰੇਕ ਪੇਸ਼ਕਾਰੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਥਾਹ ਮਿਹਨਤ ਸਪਸ਼ਟ ਰੂਪ ਵਿਚ ਦਿਖਾਈ ਦਿੱਤੀ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਆਯੋਜਨ ਲਈ ਹਾਰਦਿਕ ਵਧਾਈ ਦਿੱਤੀ। ਸੁਕੇਤ ਧੀਰ ਨੇ ਵੀ ਵਿਦਿਆਰਥੀਆਂ ਦੀ ਅਥਾਹ ਮਿਹਨਤ ਅਤੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੰਗਾ ਵਰਗੇ ਛੋਟੇ ਜਿਹੇ ਸ਼ਹਿਰ ਵਿਚ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਾਲ ਜੋੜਨਾ ਆਪਣੇ ਆਪ ਵਿਚ ਇੱਕ ਸ਼ਲਾਘਾਯੋਗ ਕਾਰਜ ਹੈ। ਸਮਾਰੋਹ ਦੇ ਅੰਤ ਵਿਚ ਸਕੂਲ ਦੇ ਮੈਨੇਜਰ ਕੇਸ਼ਵ ਜੈਨ ਨੇ ਸਮਾਰੋਹ ਵਿਚ ਪਹੁੰਚੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਸਕੂਲ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ, ਕਰਮਚਾਰੀ ਵਰਗ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਅੰਤ ਵਿਚ ਰਾਸ਼ਟਰੀ ਗਾਣ ਨਾਲ ਸਮਾਰੋਹ ਦੀ ਸ਼ਾਨਦਾਰ ਸਮਾਪਤੀ ਹੋਈ।