ਆਇਆ ਰਾਮ, ਗਿਆ ਰਾਮ, ਕਾਰਪੋਰੇਟ ਵਿਕਾਸ ਮਾਡਲ ਦੀ ਪੈਦਾਵਾਰ : ਕਰਨ ਸਿੰਘ ਰਾਣਾ ਆਇਆ ਰਾਮ, ਗਿਆ ਰਾਮ, ਕਾਰਪੋਰੇਟ ਵਿਕਾਸ ਮਾਡਲ ਦੀ ਪੈਦਾਵਾਰ-ਕਰਨ ਸਿੰਘ ਰਾਣਾ
Publish Date: Tue, 03 Nov 2026 06:39 PM (IST)
Updated Date: Tue, 03 Nov 2026 06:41 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਅਮਰੀਕਾ ਤੇ ਇਜਰਾਈਲ ਦੀ ਅਗਵਾਈ ਹੇਠ ਸਾਮਰਾਜ ਦੀ ਮੁਨਾਫੇ ਲਈ ਅੰਨੀ ਹਵਸ ਅਤੇ ਕੁਦਰਤੀ ਸਰੋਤਾਂ ਤੇ ਕਬਜ਼ਾ ਕਰਨ ਲਈ ਦੁਨੀਆ ਨੂੰ ਤੀਜੀ ਵੱਡੀ ਜੰਗ ਵੱਲ ਧੱਕਣਾ ਸਾਰੀ ਦੁਨੀਆ ਦੇ ਕਿਰਤੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਰੀ ਦੁਨੀਆ ਅੰਦਰ ਲੋਕਾਂ ਵੱਲੋਂ ਇਸ ਦਾ ਤੇਜ ਵਿਰੋਧ ਜਾਰੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਪਿੰਡ ਠਠਿਆਲਾ ਵਿਖੇ ਗੱਲਬਾਤ ਕਰਦੇ ਹੋਏ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਭਾਰਤ ਅੰਦਰ ਲੋਕ ਚੋਣਾਂ ਅਤੇ ਵੋਟਰ ਲਿਸਟਾਂ ਵਿਚ ਕੀਤੀ ਜਾ ਰਹੀ ਘਪਲੇਬਾਜੀ ਵਿਰੁੱਧ, ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ ਤੇ ਖੁਸ਼ਹਾਲ ਜੀਵਨ ਲਈ ਜੋਰਦਾਰ ਜਨ ਅੰਦੋਲਨ ਚਲਾ ਰਹੇ ਹਨ। ਇਨਾਂ ਅਲਾਮਤਾਂ ਲਈ ਸਾਮਰਾਜਵਾਦ ਦਾ ਕਾਰਪੋਰੇਟ ਵਿਕਾਸ ਦਾ ਮਾਡਲ ਪੂਰੀ ਤਰਹਾਂ ਜਿੰਮੇਵਾਰ ਹੈ। ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਕਾਰਪੋਰੇਟ ਦੇ ਵਿਕਾਸ ਮਾਡਲ ਦੀ ਪੈਰਵਈ ਕਰ ਰਹੀਆਂ ਹਨ। ਜਿਸ ਕਾਰਨ ਮਾਰੂ ਨਸ਼ਿਆਂ, ਗੈਰ ਕਾਨੂੰਨੀ ਮਾਈਨਿੰਗ, ਸਿਹਤ ਅਤੇ ਵਿਦਿਅਕ ਸੇਵਾਵਾਂ ਦਾ ਨਿੱਜੀਕਰਨ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਹਵਾ ਪਾਣੀ ਦਾ ਪ੍ਰਦੂਸ਼ਣ ਅਤੇ ਗੈਂਗਵਾਦ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਨਾ ਰਾਜ ਕਰਦੀਆਂ ਪਾਰਟੀਆਂ ਕੋਲ ਉਪਰੋਕਤ ਮੁਦਿਆਂ ਨੂੰ ਹੱਲ ਕਰਨ ਦਾ ਨਾ ਤਾਂ ਕੋਈ ਰੋਡ ਮੈਪ ਹੈ ਅਤੇ ਨਾ ਹੀ ਇੱਛਾ ਸ਼ਕਤੀ ਜਿਸ ਬਾਰੇ ਪੰਜਾਬ ਦੇ ਸੂਝਵਾਨ ਲੋਕ ਚੰਗੀ ਤਰ੍ਹਾਂ ਜਾਣੂ ਹਨ। ਹੁਣ ਇਨ੍ਹਾਂ ਰਾਜ ਕਰਦੀਆਂ ਪਾਰਟੀਆਂ ਦੇ ਆਗੂ ਲੋਕਾਂ ਦੀ ਹੋ ਰਹੀ ਲੁੱਟ ਵਿੱਚੋਂ ਬੁਰਕੀ ਹਾਸਲ ਕਰਨ ਲਈ ਦਲ ਬਦਲੀਆਂ ਕਰ ਰਹੇ ਹਨ। ਆਉਣ ਵਾਲੇ ਕੁਝ ਹਫਤਿਆਂ ਵਿਚ ਆਇਆ ਰਾਮ ਤੇ ਗਿਆ ਰਾਮ ਦਾ ਚਲਨ ਬੇਹੱਦ ਤੇਜ ਹੋ ਜਾਵੇਗਾ ਅਤੇ ਇਹ ਇਤਿਹਾਸ ਬਣੇਗਾ। ਸਾਥੀ ਰਾਣਾ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕ ਕਾਰਪੋਰੇਟ ਦੇ ਵਿਕਾਸ ਮਾਡਲ ਦੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕਰ ਰਹੇ ਹਨ। ਪੰਜਾਬ ਦੇ ਲੋਕ ਕੁਦਰਤ ਨਾਲ ਮੇਲ ਖਾਂਦੇ ਲੋਕ ਵਿਕਾਸ ਮਾਡਲ ਦੀ ਪ੍ਰਾਪਤੀ ਲਈ ਜੋਰਦਾਰ ਜਨ ਅੰਦੋਲਨ ਚਲਾ ਰਹੇ ਹਨ। ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਚੱਲ ਰਹੇ ਜਨ ਅੰਦੋਲਨ ਦੇ ਹਿੱਸੇਦਾਰ ਬਣੋ। ਤਾਂ ਕਿ ਪੰਜਾਬ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਬਣ ਸਕੇ।