ਕਟਾਰੀਆ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਆਪ ਆਗੂ ਕਟਾਰੀਆ ਨੇ ਸੂਰਾਪੁਰ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
Publish Date: Wed, 09 Sep 2026 04:00 PM (IST)
Updated Date: Wed, 09 Sep 2026 04:01 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਸੂਰਾਪੁਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਹੁੰਚ ਕੇ ਪਿੰਡ ਦੇ ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਪਿੰਡ ਸੂਰਾਪੁਰ ਨੂੰ ਜਾਣ ਵਾਲੀ ਸੜਕ ’ਤੇ ਪ੍ਰੀਮਿਕਸ ਲੁੱਕ ਬਜਰੀ ਪਾਉਣ ਲਈ ਪਹੁੰਚੇ ਮੰਡੀ ਬੋਰਡ ਦੇ ਜੇਈ ਨਵਜੋਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਰਸਾਤ ਦੇ ਮੌਸਮ ਖ਼ਤਮ ਹੋਣ ਤੇ 15 ਸਤੰਬਰ ਤੋਂ ਪ੍ਰੀਮਿਕਸ ਲੁੱਕ ਬਜਰੀ ਦੇ ਪਲਾਂਟ ਚਾਲੂ ਹੋ ਜਾਣੇ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਬਾਹਰਲੇ ਸੂਬਿਆਂ ਤੋਂ ਆਈ ਹੋਈ ਲੇਬਰ ਆਪਣੇ ਘਰ ਚਲੇ ਜਾਂਦੀ ਹੈ, ਜਿਸ ਕਰ ਕੇ ਸੜਕਾਂ ’ਤੇ ਲੁੱਕ-ਬਜਰੀ ਪ੍ਰੀਮਿਕਸ ਪਾਉਣ ਦੇ ਕੰਮ ਵਿਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੇਬਰ ਆਪਣੇ ਕੰਮਾਂ ’ਤੇ ਵਾਪਸ ਆ ਰਹੀ ਹੈ ਅਤੇ ਬਾਕੀ ਪਿੰਡਾਂ ਨੂੰ ਵੀ ਜਾਣ ਵਾਲੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਪਿੰਡ ਵਾਸੀਆਂ ਨੇ ਕਾਠਗੜ੍ਹ ਹਾਈਵੇ ਤੋਂ ਖੇਤੀਬਾੜੀ ਯੂਨੀਵਰਸਿਟੀ ਸੌਂਖੜੀ ਤੱਕ ਜਾਣ ਵਾਲੀ ਸੜਕ ’ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਮੰਗ ਕੀਤੀ ਤਾਂ ਅਸ਼ੋਕ ਕਟਾਰੀਆ ਨੇ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਇਸ ਸੜਕ ਦੀ ਨਿਸ਼ਾਨਦੇਹੀ ਕਰਵਾ ਕੇ ਸੜਕ ਨੂੰ ਚੋੜਾ ਕਰਨ ਲਈ ਕਿਹਾ। ਇਸ ਮੌਕੇ ਕਟਾਰੀਆ ਨੇ ਬੋਲਦਿਆਂ ਕਿਹਾ ਕਿ ਬਲਾਚੌਰ ਇਲਾਕੇ ਦੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਦੀ ਰਫ਼ਤਾਰ ਨੇ ਤੇਜ਼ੀ ਫੜੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਸੰਭਵ ਹੈ। ਪਿੰਡ ਵਾਸੀਆਂ ਨੇ ਪਿੰਡ ਵਿਚ ਸਟ੍ਰੀਟ ਲਾਈਟਾਂ ਦੀ ਵੀ ਮੰਗ ਕੀਤੀ ਜਿਸ ਬਾਰੇ ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਜਿਹੜੇ ਪਿੰਡਾਂ ਵਿਚ ਅੱਜ ਤੱਕ ਸਟਰੀਟ ਲਾਈਟਾਂ ਨਹੀਂ ਲੱਗੀਆਂ, ਉਨ੍ਹਾਂ ਪਿੰਡਾਂ ਵਿਚ ਬਹੁਤ ਜਲਦੀ ਸਟਰੀਟ ਲਾਈਟਾਂ ਲਗਾ ਕੇ ਇਹ ਸਹੂਲਤ ਦਿੱਤੀ ਜਾਵੇਗੀ ਅਤੇ ਇਲਾਕੇ ਵਿਚ ਹੋਰ ਵੀ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਰਾਮ ਸ਼ਾਹ ਚੇਚੀ ਵਾਈਸ ਚੇਅਰਮੈਨ ਪੀਏਡੀਬੀ ਬਲਾਚੌਰ, ਰਾਜ ਕੁਮਾਰ ਚੇਚੀ, ਸੁਭਾਸ਼ ਕਾਲਾ, ਗੁਰਮੀਤ ਬਿੱਟੂ ਮਿਸਤਰੀ, ਅਸ਼ੋਕ ਕੁਮਾਰ ਕਸਾਣਾ, ਰਿੰਕੂ ਭੂੰਬਲਾ, ਸ਼ੌਂਕੀ ਨਾਥ ਭੂੰਬਲਾ ਬਲਾਕ ਪ੍ਰਧਾਨ, ਸੋਹਣ ਸਿੰਘ ਭੂੰਬਲਾ, ਕੁੰਦਨ ਲਾਲ ਭੂੰਬਲਾ, ਬਲਦੇਵ ਰਾਜ, ਜਗਨ ਨਾਥ, ਜੁਗਿੰਦਰ ਪਾਲ ਤੇ ਪਿੰਡ ਵਾਸੀ ਹਾਜ਼ਰ ਸਨ।