ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ’ਚ ‘ਆਪ’ ਆਗੂ ਕਟਾਰੀਆ ਸਨਮਾਨਿਤ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ 'ਚ ਆਪ ਆਗੂ ਅਸ਼ੋਕ ਕਟਾਰੀਆ ਨੂੰ ਕੀਤਾ ਸਨਮਾਨਿਤ
Publish Date: Sun, 23 Aug 2026 03:35 PM (IST)
Updated Date: Sun, 23 Aug 2026 03:36 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਨਵਾਂਸ਼ਹਿਰ : ‘ਆਪ’ ਦੇ ਸੀਨੀਅਰ ਨੇਤਾ ਅਸ਼ੋਕ ਕਟਾਰੀਆ ਦਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਪੁੱਜਣ ਤੇ ਬਲਾਚੌਰ ਹਲਕੇ ਦੇ ਨੌਜਵਾਨ ਜੋ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਸ਼ੋਕ ਕਟਾਰੀਆ ਨੇ ਪੰਜਾਬ ਵਿਚ ਆਪ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ, ਸਿੱਖਿਆ ਨੀਤੀਆਂ, ਪਿੰਡਾਂ ਵਿਚ ਓਪਨ ਜਿੰਮ ਖੋਲ੍ਹਣ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਦੇ ਕੀਤੇ ਜਾ ਰਹੇ ਉਪਰਾਲਿਆਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫਤ ਰਾਸ਼ਨ, ਮਾਵਾਂ ਧੀਆਂ ਸਨਮਾਨ ਰਾਸ਼ੀ ਤਹਿਤ ਹਰੇਕ ਮਹਿਲਾ ਨੂੰ 3000 (ਜਨਰਲ ਵਰਗ) ਤੋਂ 4500 (ਐੱਸਸੀ ਵਰਗ) ਰੁਪਏ ਪ੍ਰਤੀ ਮਹੀਨਾ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸਮੇਂ ਸਿਰ ਬੁਢਾਪਾ, ਵਿਧਵਾ ਅਤੇ ਆਸ਼ਰਿਤ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿਚ ਰਹਿ ਕੇ ਚੰਗੇ ਕਾਰੋਬਾਰ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਸ਼ੇ ਦੇ ਖਾਤਮੇ ਲਈ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਵਪੱਖੀ ਵਿਕਾਸ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਸ਼ੋਕ ਕਟਾਰੀਆ ਨੇ ਕਿਹਾ ਕਿ ਜਿਵੇਂ ਤੁਸੀਂ ਬਲਾਚੌਰ ਹਲਕੇ ਵਿਚ ਕਟਾਰੀਆ ਪਰਿਵਾਰ ਨੂੰ ਇੰਨਾ ਪਿਆਰ ਅਤੇ ਸਤਿਕਾਰ ਦਿੰਦੇ ਹੋ ਉਸ ਲਈ ਉਹ ਸਮੂਹ ਭਾਈਚਾਰੇ ਦਾ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਵ. ਪਿਤਾ ਰਾਮ ਕਿਸ਼ਨ ਕਟਾਰੀਆ ਦੇ ਪਾਏ ਪੁਰਨਿਆਂ ਦੇ ਚਲਦਿਆਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨਗੇ। ਉਨ੍ਹਾਂ ਕੈਨੇਡਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਹਮੇਸ਼ਾ ਰਿਣੀ ਰਹੇਗਾ। ਇਸ ਮੌਕੇ ਕੈਨੇਡਾ ਵਾਸੀਆਂ ਵੱਲੋਂ ਅਸ਼ੋਕ ਕਟਾਰੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲਰ, ਗੁਰਪ੍ਰੀਤ ਸਿੰਘ, ਰਣਦੀਪ ਸਿੰਘ, ਰੀਨਾ ਸ਼ਰਮਾ, ਬਲਬੀਰ ਢਿੱਲੋਂ, ਦਵਿੰਦਰ ਜਗਤਪੁਰ, ਜਸਵਿੰਦਰ ਮਿਲੂ, ਸੰਦੀਪ, ਝਲਮਣ ਸਿੰਘ ਜੈਨਪੁਰ, ਜੱਸੀ, ਰਾਮ ਕੁਮਾਰ, ਲਾਡੀ ਨਵਾਗਰਾਂ, ਰਘਵੀਰ ਚੌਹਾਨ, ਕੇਸਰ ਸਿੰਘ, ਜਗਦੀਸ਼ ਚੌਹਾਨ ਜੀਤਪੁਰ ਆਦਿ ਹਾਜ਼ਰ ਸਨ।