ਮੰਡੀਆਂ 'ਚ ਰੁਲ ਰਿਹਾ ਕਿਸਾਨ, 'ਆਪ' ਨੇ ਫੇਲ੍ਹ ਕੀਤਾ ਖਰੀਦ ਪ੍ਰਬੰਧ : ਪਰਗਟ ਸਿੰਘ ਆਪ ਭਾਜਪਾ ਦੀ ਬੀ ਟੀਮ ਵੱਜੋਂ ਪੰਜਾਬ ਚੋਂ ਮੰਡੀਆਂ ਨੂੰ ਬਰਬਾਦ ਕਰ ਰਹੀ ਹੈ-ਪਰਗਟ ਸਿੰਘ
Publish Date: Fri, 20 Nov 2026 06:29 PM (IST)
Updated Date: Fri, 20 Nov 2026 06:31 PM (IST)
ਦਾਣਾ ਮੰਡੀ ਦਾ ਦੌਰਾ ਕਰਕੇ ਕਾਂਗਰਸ ਪ੍ਰਧਾਨ ਨੇ ਚੁੱਕਿਆ ਝੋਨੇ ਦੀ ਖਰੀਦ ਤੇ ਅਦਾਇਗੀ ਦਾ ਮੁੱਦਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਨਵਾਂਸ਼ਹਿਰ ਦੀ ਦਾਣਾ ਮੰਡੀ ਦਾ ਦੌਰਾ ਕਰਦਿਆਂ ਆਪ ਸਰਕਾਰ ਤੋਂ ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਮੰਡੀਆਂ ਵਿਚ 20 ਤੋਂ 25 ਫ਼ੀਸਦੀ ਝੋਨੇ ਦੀ ਖਰੀਦ ਹੋਣੀ ਬਾਕੀ ਪਈ ਹੈ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਨਵਾਂਸ਼ਹਿਰ ਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਹੈ ਕਿ ਸਰਕਾਰ ਵੱਲੋਂ ਖਰੀਦ ਦਾ ਕੰਮ ਰੋਕ ਕੇ ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਡੀ ਵਿਚ ਫ਼ਸਲ ਦੀ ਖ਼ਰੀਦ ਵਿਚ ਹੋ ਰਹੀ ਦੇਰੀ, ਵਿਕਰੀ ਵਿਚ ਆ ਰਹੀਆਂ ਮੁਸ਼ਕਲਾਂ ਅਤੇ ਅਦਾਇਗੀ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਬਾਰੇ ਜਾਣਕਾਰੀ ਦਿੱਤੀ। ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਰੁਲ ਰਹੀ ਹੈ ਅਤੇ ਆੜ੍ਹਤੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਲੈਣ ਲਈ ਮੰਡੀਆਂ ਵਿਚ ਰੁਲਣ ਲਈ ਛੱਡਿਆ ਜਾ ਰਿਹਾ ਹੈ। ਜਦਕਿ ਇਸ ਔਖੀ ਘੜੀ ਵਿਚ ਮੁੱਖ ਮੰਤਰੀ ਸਮੇਤ ਹੋਰਨਾਂ ਵਿਧਾਇਕਾਂ, ਅਫ਼ਸਰਾਂ ਅਤੇ ਪ੍ਰਸ਼ਆਸਨਿਕ ਅਫ਼ਸਰਾਂ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਪਰਗਟ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਝੋਨੇ ਦੀ ਖਰੀਦ, ਅਦਾਇਗੀ ਸਬੰਧੀ ਸਥਿਤੀ ਸਪੱਸ਼ਟ ਕਰੇ। ਕਿਉਂ ਕਿ ਕੋਈ ਵੀ ਸਰਕਾਰੀ ਨੁਮਾਇੰਦਾ ਇਸ ਬਾਰੇ ਪੱਕਾ ਭਰੋਸਾ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਜੋ ਕਿ ਭਾਜਪਾ ਦੀ ਬੀ ਟੀਮ ਵੱਜੋਂ ਡਬਲ ਇੰਜਨ ਸਰਕਾਰ ਵੱਜੋਂ ਕੰਮ ਕਰ ਰਹੀ ਹੈ ਉਹ ਪੰਜਾਬ ਦੀਆਂ ਮੰਡੀਆਂ ਦਾ ਸਾਰਾ ਪ੍ਰਬੰਧ ਠੱਪ ਕਰਨਾ ਚਾਹੁੰਦੀ ਹੈ ਤਾਂ ਜੋ ਮੰਡੀਆਂ ਦੀ ਸੰਚਾਲਨ ਅਤੇ ਖਰੀਦ ਦਾ ਸਾਰਾ ਕੰਮਕਾਰ ਅੰਬਾਨੀ ਅਤੇ ਅਡਾਨੀਆਂ ਨੂੰ ਸੌਂਪਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਬਿਹਾਰ, ਹਰਿਆਣਾ ਤੋਂ ਝੋਨਾ ਲਿਆ ਕੇ ਪੰਜਾਬ ਚੋਂ ਵੱਧ ਰੇਟ ਤੇ ਐਮਐੱਸਪੀ ਲੈ ਕੇ ਖਰਬਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਜਦਕਿ ਪੰਜਾਬ ਦਾ ਕਿਸਾਨ ਮੰਡੀਆਂ ਵਿਚ ਆਪਣੀ ਫਸਲ ਵੇਚਣ ਲਈ ਰੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੰਡੀ ਵਿਚ ਕਿਸਾਨ, ਕੰਮ ਕਾਰ ਨਾ ਮਿਲਣ ਕਾਰਨ ਬੇਰੋਜਗਾਰ ਨੌਜਵਾਨ ਅਤੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਪ ਸਰਕਾਰ ਦਾ ਸਾਰਾ ਸਿਸਟਮ ਫੇਲ੍ਹ ਹੋ ਗਿਆ ਹੈ। ਇਹ ਸੱਭ ਕੁੱਝ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਤਹਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਭਾਜਪਾ ਤੋਂ ਲਿਆ 47000 ਕਰੋੜ ਰੁਪਏ ਲਿਮਟ ਚੋਂ ਹਾਲੇ ਤੱਕ 38000 ਕਰੋੜ ਰੁਪਏ ਦੇ ਖਰਚ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਬਕਾਇਆ ਰਾਸ਼ੀ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਤੋਂ ਕੱਟੇ ਮਗਰ 200 ਤੋਂ 300 ਰੁਪਏ ਕੱਟੇ ਜਾ ਰਹੇ ਹਨ। ਜਦਕਿ ਬਿਹਾਰ, ਹਰਿਆਣਾ ਤੋਂ ਸਸਤੇ ਰੇਟਾਂ ਤੇ ਲਿਆਂਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਐਮਐੱਸਪੀ ਦੇ ਰੇਟ ਤੇ ਵੇਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ 70 ਸਾਲਾਂ ਦੇ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦਾ ਇੰਨਾਂ ਬੁਰਾ ਹਾਲ ਨਹੀਂ ਹੋਇਆ ਜਿਨਾਂ ਪਿਛਲੀ ਸ਼੍ਰੋਮਣੀ ਅਕਾਲੀ ਦਲ, ਆਪ ਸਰਕਾਰ ਦੇ ਰਾਜ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਕਿਸਾਨਾਂ ਨੂੰ ਕੱਲਾ ਕੱਲਾ ਦਾਣਾ ਚੁੱਕੂ ਆਖਦਾ ਸੀ ਹੁਣ ਮੰਡੀਆਂ ਵਿੱਚ ਨਜ਼ਰ ਨਹੀਂ ਆ ਰਿਹਾ ਹੈ। ਨਾ ਹੀ ਉਸ ਦੀ ਟੀਮ ਦੇ ਵਿਧਾਇਕ ਅਤੇ ਆਗੂ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵਿਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਜਿਸ ਤਰ੍ਹਾਂ ਹੁਣ ਵੱਖ ਵੱਥ ਥਾਵਾਂ ਤੇ ਉਨ੍ਹਾਂ ਦੇ ਇਸ਼ਤਿਹਾਰੀ ਬੋਰਡ ਫਾੜੇ ਜਾ ਰਹੇ ਹਨ। ਵੋਟਾਂ ਦੌਰਾਨ ਪਿੰਡਾਂ ਵਿਚ ਉਨ੍ਹਾਂ ਦੇ ਕੱਪੜੇ ਫਾੜੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਪੁਲਿਸ ਰਾਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ ਡਾਂਗਾ ਹੇਠਾਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਜੋ ਬਰਬਾਦੀ ਪੰਜਾਬ ਦੀ ਕੀਤੀ ਹੈ ਉਸ ਦੀ ਭਰਪਾਈ ਕਈ ਸਾਲਾਂ ਬੱਧੀ ਨਹੀਂ ਹੋਣੀ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੂ, ਮੁਸਲਿਮ, ਸਿੱਖ ਈਸਾਈ ਅਤੇ ਹੋਰਨਾਂ ਧਰਮਾਂ ਵਿਚ ਇੰਨੀਆਂ ਦਰਾਰਾਂ ਵੱਧ ਗਈਆਂ ਹਨ ਕਿ ਲੋਕ ਇਕ ਦੂਜੇ ਦੇ ਤਿਉਹਾਰਾਂ ਨੂੰ ਮਨਾਉਣ ਤੋਂ ਵੀ ਗੁਰੇਜ ਕਰ ਰਹੇ ਹਨ। ਜਿਸ ਕਾਰਨ ਸਾਡੀ ਭਾਈਚਾਰਕ ਸਾਂਝ ਵੀ ਘੱਟਦੀ ਜਾ ਰਹੀ ਹੈ। ਅੱਜ ਬਾਜ਼ਾਰਾਂ ਵਿਚ ਰੌਣਕਾਂ ਘੱਟਦੀਆਂ ਜਾ ਰਹੀਆਂ ਹਨ। ਆਪ ਸਰਕਾਰ ਨੇ ਸਾਰਾ ਸਿਸਟਮ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਚੰਗੇ ਖਿਡਾਰੀ ਵਾਂਗ ਉਹ ਆਪਣੀ ਟੀਮ ਨੂੰ ਅਨੁਸ਼ਾਸਨ ਵਿਚ ਰੱਖ ਕੇ ਹਰੇਕ ਖਿਡਾਰੀ ਨੂੰ ਖੇਡਣ ਦਾ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਖਿਡਾਰੀ ਦੀ ਸਪੇਸ ਨਹੀਂ ਰੋਕਣਗੇ ਅਤੇ ਉਸ਼ ਨੂੰ ਖੇਡਣ ਦਾ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਚ ਮੰਡੀ ਸਿਸਟਮ, ਫਾਇਨਾਂਸ ਸਿਸਟਮ ਅਤੇ ਪੁਲਿਸ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਪਟਿਆਲਾ ਵਿਖੇ ਡਿੱਗਿਆ ਪੁੱਲ ਵੀ ਓਵਰਲੋਡਡ ਟਿਪਰਾਂ ਨਾਲ ਕੀਤੀ ਜਾ ਰਹੀ ਮਾਈਨਿੰਗ ਦੀ ਭੇਂਟ ਚੜ੍ਹਿਆ ਹੈ। ਇਸ ਲਈ ਆਪ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਚ ਜੰਗਲ ਰਾਜ ਕਾਇਮ ਕਰ ਦਿੱਤਾ ਗਿਆ ਹੈ। ਅੰਗਦ ਸਿੰਘ ਨੇ ਬੰਦ ਪਏ ਮਾਛੀਵਾੜਾ ਪੁਲ ਦਾ ਮੁੱਦਾ ਚੁੱਕਿਆ ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਪਿਛਲੇ ਪੰਜ ਮਹੀਨੇ ਤੋਂ ਬੰਦ ਮਾਛੀਵਾੜਾ ਪੁੱਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁੱਲ ਦੀ ਮੁਰੰਮਤ ਕਰਵਾਉਣ ਦੀ ਥਾਂ ਤੇ ਉਥੇ ਲੋਹੇ ਦੇ ਗਾਰਡਰ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਨਵਾਂਸ਼ਹਿਰ ਦੇ ਲੋਕਾਂ ਦਾ ਮਾਛੀਵਾੜਾ ਅਤੇ ਹੋਰਨਾਂ ਇਲਾਕੇ ਨਾਲ ਸੰਪਰਕ ਅਤੇ ਕਾਰੋਬਾਰ, ਸਕੂਲਾਂ, ਕਾਲਜਾਂ ਵਿਚ ਪੜ੍ਹਾਈ ਲਈ ਆਉਣ ਜਾਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਵੀ ਸੰਘਰਸ਼ ਛੇੜਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੁਣ ਲੋਕ ਇਹ ਮੰਨਣ ਲੱਗ ਪਏ ਹਨ ਕਿ ਆਪ ਸਰਕਾਰ ਨੂੰ ਸੱਤਾ ਸੌਂਪ ਕੇ ਉਨ੍ਹਾਂ ਵੱਡੀ ਗਲਤੀ ਕੀਤੀ ਹੈ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਨੂੰ ਧਾੜਵੀਆਂ ਦੇ ਖਿਲਾਫ ਖੜਣ ਵਾਲੀ ਸੋਚ ਦੀ ਲੋੜ ਹੈ। ਇਸ ਮੌਕੇ ਅੰਗਦ ਸਿੰਘ ਨੇ 2022 ਦੀਆਂ ਚੋਣਾਂ ਵਿਚ ਕਾਂਗਰਸ ਦੀ ਟਿਕਟ ਨਾ ਦੇ ਕੇ ਕਾਂਗਰਸ ਵੱਲੋਂ ਲਏ ਗਲਤ ਫੈਸਲੇ ਤੇ ਵੀ ਇਤਰਾਜ ਜਤਾਇਆ ਅਤੇ ਇਸ ਵਾਰ ਸਹੀ ਫੈਸਲਾ ਲੈਣ ਦੀ ਗੱਲ ਆਖੀ। ਪਰਗਟ ਸਿੰਘ ਨੇ ਕਿਹਾ ਕਿ ਇਸ ਵਾਰ ਅਜਿਹਾ ਕੁੱਝ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਨਸਾਫ ਮੰਗਦਾ ਤਹਿਤ ਕਾਂਗਰਸ ਵੱਲੋਂ ਚਲਾਈ ਮੁਹਿੰਮ ਨੂੰ ਅੱਜ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸ ਦੇ ਦਿੱਗਜ ਆਗੂਆਂ ਅਤੇ ਵਰਕਰਾਂ ਵੱਲੋਂ ਦੋਆਬਾ, ਮਾਝਾ, ਮਾਲਵਾ ਸਮੇਤ ਹੋਰਨਾਂ ਥਾਵਾਂ ਤੇ ਇਸ ਮੁਹਿੰਮ ਨੂੰ ਜੋਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਲੋਕ ਇਸ ਮੁਹਿੰਮ ਤਹਿਤ ਕਾਂਗਰਸ ਨਾਲ ਜੁੜ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਲਈ ਸੰਘਰਸ਼ ਕਰਨ ਵਾਲੀ ਕਾਂਗਰਸ ਨੂੰ ਪੰਜਾਬ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਚ ਹੋਏ ਵਿਕਾਸ ਅਤੇ ਹੋਰਨਾਂ ਮੁਦਿਆਂ ਤੇ ਉਹ ਆਪ ਸਰਕਾਰ, ਮੁੱਖ ਮੰਤਰੀ ਪੰਜਾਬ ਨਾਲ ਖੁਲ੍ਹੀ ਬਹਿਸ ਕਰਨ ਨੂੰ ਤਿਆਰ ਹਨ ਪਰ ਮੁੱਖ ਮੰਤਰੀ ਸਾਡੇ ਨਾਲ ਬਹਿਸ ਕਰਕੇ ਸਪਸਟੀਕਰਨ ਦੇਣ ਨਾ ਕਿ ਚੁਟਕੁਲੇ ਸੁਣਾ ਕੇ ਸਵਾਲਾਂ ਦੇ ਜਵਾਬਾਂ ਤੋਂ ਭੱਜਣ। ਇਸ ਮੌਕੇ ਕਾਂਗਰਸੀ ਆਗੂ ਰਮਨ ਉਮੱਟ, ਕੌਂਸਲਰ ਰਮਨ ਕੁਮਾਰ ਮਾਨ, ਕੌਂਸਲਰ ਵਰਿੰਦਰ ਚੋਪੜਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।