- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ' ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨਾਲ ਕੀਤਾ ਵਿਸ਼ਵਾਸ ਘਾਤ-ਭਾਜਪਾ

- ‘ਸਿੱਖਿਆ ਕ੍ਰਾਂਤੀ’ ਦੀ ਖੁੱਲ੍ਹੀ ਪੋਲ, ਖਾਲੀ ਅਸਾਮੀਆਂ, ਤਨਖ਼ਾਹਾਂ ਦੇ ਬਕਾਏ, ਪੁਲਿਸ ਕਾਰਵਾਈ ਤੇ ਗੈਰ-ਅਕਾਦਮਿਕ ਕੰਮਾਂ ਤੋਂ ਪਰੇਸ਼ਾਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਅਧਿਆਪਕ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਪੰਜਾਬ ਦੇ ਅਧਿਆਪਕਾਂ ਨਾਲ ਵਿਸ਼ਵਾਸ ਘਾਤ ਕਰਨ ਅਤੇ ਆਪਣੀ ਬਹੁ-ਚਰਚਿਤ ‘ਸਿੱਖਿਆ ਕ੍ਰਾਂਤੀ’ ਨੂੰ ਇੱਕ ਖੋਖਲੇ ਸਿਆਸੀ ਨਾਅਰੇ ਵਿਚ ਬਦਲਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨੂੰ ਇੱਕ ਅਧਿਆਪਕ ਦਾ ਪੁੱਤਰ ਦੱਸਦੇ ਹਨ, ਪਰ ਉਨ੍ਹਾਂ ਦੀ ਸਰਕਾਰ ਵਿਚ ਅਧਿਆਪਕਾਂ ਨੂੰ ਬੇਇੱਜ਼ਤੀ, ਪੁਲਿਸ ਕਾਰਵਾਈ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਇਹ ਜਸ਼ਨ ਦਾ ਨਹੀਂ, ਸਗੋਂ ਕਾਲਾ ਦਿਵਸ ਹੈ। ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਨੂੰ ਆਪਣੇ ਜਾਇਜ਼ ਹੱਕਾਂ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ 31,370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ 1,100 ਤੋਂ ਵੱਧ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਸਾਮੀਆਂ ਅਤੇ ਲਗਭਗ ਇੱਕ-ਤਿਹਾਈ ਡੀਈਓ ਅਸਾਮੀਆਂ ਵੀ ਖਾਲੀ ਹਨ। 400 ਤੋਂ ਵੱਧ ਏਡਿਡ ਸਕੂਲਾਂ ਵਿਚ 1,700 ਤੋਂ ਵੱਧ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀ ਕਥਿਤ ਤੌਰ ’ਤੇ 8 ਤੋਂ 19 ਮਹੀਨਿਆਂ ਤੋਂ ਤਨਖ਼ਾਹ ਤੋਂ ਬਿਨਾਂ ਕੰਮ ਕਰ ਰਹੇ ਹਨ। ਭਾਜਪਾ ਨੇ ਦੋਸ਼ ਲਗਾਇਆ ਕਿ ਹਾਈਕੋਰਟ ਦੇ ਸਟੇਅ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਗਰੇਡ ਪੇ ਰੁਪਏ 4,400 ਤੋਂ ਘਟਾ ਕੇ ਰੁਪਏ 3,200 ਕਰ ਦਿੱਤਾ ਹੈ। ਭਾਜਪਾ ਨੇ ਐੱਸਸੀ ਅਤੇ ਬੀਸੀ ਵਰਗਾਂ ਦੇ ਰਾਖਵੇਂਕਰਨ ਦੇ ਹੱਕਾਂ ਦੀ ਅਣਦੇਖੀ ਦਾ ਵੀ ਦੋਸ਼ ਲਗਾਇਆ। 1,013 ਲੈਕਚਰਾਰ ਅਸਾਮੀਆਂ ਦੀ ਅਧਿਸੂਚਨਾ ਵਿਚ ਕਥਿਤ ਤੌਰ ’ਤੇ ਐੱਸਸੀ ਅਤੇ ਬੀਸੀ ਉਮੀਦਵਾਰਾਂ ਲਈ ਕੋਈ ਰਾਖਵਾਂਕਰਨ ਨਹੀਂ ਦਿੱਤਾ, ਜਦਕਿ 25 ਫ਼ੀਸਦੀ ਰਾਖਵਾਂਕਰਨ ਲਾਜ਼ਮੀ ਹੈ। ਇਸ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਮਾਮਲੇ ਦਾ ਆਪਣੇ ਆਪ ਨੋਟਿਸ ਲਿਆ।
ਭਾਜਪਾ ਨੇ 1,158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨਵੀਂ ਭਰਤੀ ਪੂਰੀ ਨਾ ਕਰਨ ’ਤੇ ਵੀ ਸਰਕਾਰ ਨੂੰ ਘੇਰਿਆ, ਜਦਕਿ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਫਰਵਰੀ 2026 ਤੱਕ ਭਰਤੀ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ। ਅਧਿਆਪਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਮੁੜ ਪਾਣੀ ਦੀਆਂ ਟੈਂਕੀਆਂ ’ਤੇ ਨਹੀਂ ਚੜ੍ਹਨਾ ਪਵੇਗਾ। ਅੱਜ ਉਹ ਇਨਸਾਫ਼ ਲੈਣ ਦੀ ਬਜਾਏ ਮੋਬਾਈਲ ਟਾਵਰਾਂ ’ਤੇ ਚੜ੍ਹਨ ਲਈ ਮਜਬੂਰ ਹਨ। ਉਨ੍ਹਾਂ ਅਧਿਆਪਕਾਂ ਨੂੰ ਸਰਵੇਖਣ, ਪਰਾਲੀ ਸਾੜਨ ਦੀ ਜਾਂਚ, ਹੈਲਥ ਕਾਰਡ ਬਣਾਉਣ ਅਤੇ ਸਿਆਸੀ ਡਾਟਾ ਇਕੱਠਾ ਕਰਨ ਵਰਗੇ ਗੈਰ-ਅਕਾਦਮਿਕ ਕੰਮਾਂ ਵਿਚ ਲਗਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਬੇਲੋੜੇ ਗੈਰ-ਅਕਾਦਮਿਕ ਕੰਮ ਖ਼ਤਮ ਕੀਤੇ ਜਾਣਗੇ ਅਤੇ ਅਧਿਆਪਕਾਂ ਦੀ ਸ਼ਾਨ, ਸਨਮਾਨ ਅਤੇ ਸੁਰੱਖਿਆ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇਗੀ।