ਸਾਈਂ ਕਾਲਜ ਆਫ਼ ਐਜੂਕੇਸ਼ਨ ’ਚ ‘ਆਗਾਜ਼’ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ 'ਆਗਾਜ਼' ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Publish Date: Sun, 11 Oct 2026 03:37 PM (IST)
Updated Date: Sun, 11 Oct 2026 03:38 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ ਜਾਡਲਾ : ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਅਤੇ ਉਨ੍ਹਾਂ ਦੇ ਵਿੱਦਿਅਕ ਸਫ਼ਰ ਦੀ ਸ਼ੁੱਭਸ਼ੁਰੂਆਤ ਕਰਨ ਲਈ ‘ਆਗਾਜ਼’ ਨਾਮਕ ਓਰੀਐਂਟੇਸ਼ਨ ਪ੍ਰੋਗਰਾਮ ਚੇਅਰਮੈਨ ਪੀਕੇ ਜੌਹਰ ਦੇ ਮਾਰਗਦਰਸ਼ਨ ਹੇਠ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਦਿਅਕ ਮਾਹੌਲ, ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਤੀ ਸੰਸਥਾ ਦੀ ਵਚਨਬੱਧਤਾ ਤੋਂ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਸਹਾਇਕ ਪ੍ਰੋ. ਕਿਰਨਦੀਪ ਕੌਰ ਵੱਲੋਂ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪੀਕੇ ਜੌਹਰ ਦੀ ਸ਼ਖ਼ਸੀਅਤ ਅਤੇ ਸੰਸਥਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਮੁੱਖ ਮਹਿਮਾਨ ਇੰਜੀਨੀਅਰ ਗੌਰਵ ਜੌਹਰ ਵਾਈਸ ਚੇਅਰਮੈਨ ਸਾਈਂ ਕਾਲੇਜ਼ਿਜ਼, ਸਾਈਂ ਕਾਲਜਿਜ਼ ਦੀ ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ ਅਤੇ ਵਿਸ਼ੇਸ਼ ਮਹਿਮਾਨ ਡਾ. ਕਾਮਿਨੀ ਪ੍ਰਿੰਸੀਪਲ ਸਾਈਂ ਕਾਲਜ ਆਫ਼ ਐਜੂਕੇਸ਼ਨ ਸਰਦੂਲਾਪੁਰ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਗਿਆਨ ਦੀ ਜੋਤ ਜਗਾ ਕੇ ਅਤੇ ਕਾਲਜ ਦੀ ਪ੍ਰਾਰਥਨਾ ਨਾਲ ਪ੍ਰੋਗਰਾਮ ਨੂੰ ਰਸਮੀ ਤੌਰ ਤੇ ਸ਼ੁਰੂ ਕੀਤਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਨੁਪਮ ਜੌਹਰ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਸਕਾਰਾਤਮਕ ਸੋਚ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਪ੍ਰਦਾਨ ਕੀਤੇ ਜਾਂਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਵਿੱਦਿਅਕ ਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰਿੰ. ਡਾ. ਸੁਨੀਲਾ ਧੀਰ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਅਧਿਆਪਕ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਭਵਿੱਖ ਦੇ ਅਧਿਆਪਕਾਂ ਲਈ ਗਿਆਨ ਦੇ ਨਾਲ-ਨਾਲ ਅਨੁਸ਼ਾਸਨ, ਨੈਤਿਕਤਾ, ਸਮਰਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰਾਂ ਨੂੰ ਨਿਖਾਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਪ੍ਰਿੰ. ਡਾ. ਕਾਮਿਨੀ ਸਾਈਂ ਆਫ਼ ਐਜੂਕੇਸ਼ਨ ਸਰਦੂਲਾਪੁਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਿਰੰਤਰ ਸਿੱਖਣ, ਪੇਸ਼ੇਵਰ ਯੋਗਤਾ ਦੇ ਵਿਕਾਸ ਅਤੇ ਅਧਿਆਪਨ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਅੰਤਰਰਾਸ਼ਟਰੀ ਕਾਨਫਰੰਸ ਵਿਚ ਆਪਣਾ ਖੋਜ ਪੱਤਰ ਪੇਸ਼ ਕਰਨ ਵਾਲੇ ਕਾਲਜ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਹ ਸਨਮਾਨ ਕਾਲਜ ਦੇ ਅਧਿਆਪਕਾਂ ਦੀ ਅਕਾਦਮਿਕ ਯੋਗਤਾ, ਖੋਜ ਪ੍ਰਤੀ ਰੁਚੀ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦਾ ਪ੍ਰਤੀਕ ਸੀ। ਇਸ ਮੌਕੇ ਕਾਲਜ ਦੀ ਸਾਬਕਾ ਵਿਦਿਆਰਥਣ ਜਪਲੀਨ ਛਾਬੜਾ, ਜੋ ਸੈਸ਼ਨ 2025-27 ਦੀ ਵਿਦਿਆਰਥਣ ਰਹੀ ਅਤੇ ਦੂਜੇ ਸਮੈਸਟਰ ਵਿੱਚ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹੈ, ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਸ ਦੀ ਪ੍ਰਾਪਤੀ ਨੇ ਮੌਜੂਦਾ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਅਤੇ ਗਾਇਕੀ ਪੇਸ਼ ਕੀਤੀ। ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਨੇ ਸਮਾਗਮ ਵਿਚ ਜੋਸ਼, ਖੁਸ਼ੀ ਅਤੇ ਪੰਜਾਬੀ ਸੱਭਿਆਚਾਰ ਦੀ ਰੌਣਕ ਭਰ ਦਿੱਤੀ। ਸਮਾਗਮ ਦੇ ਅੰਤ ਵਿਚ ਮਨਜਿੰਦਰ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।