ਰੀਡਿੰਗ ਸਕਿਲਜ਼ ਸਬੰਧੀ ਵਰਕਸ਼ਾਪ ਕਰਵਾਈ ਰੀਡਿੰਗ ਸਕਿਲਜ਼ ਸੰਬੰਧੀ ਵਰਕਸ਼ਾਪ ਕਰਵਾਈ
Publish Date: Thu, 03 Sep 2026 04:06 PM (IST)
Updated Date: Thu, 03 Sep 2026 04:07 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਜਮਾਤ ਤੀਜੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਅਣਡਿੱਠਾ ਪੈਰ੍ਹਾ ਪੜ੍ਹਨ ਅਤੇ ਪੈਰ੍ਹੇ ਨੂੰ ਪੜਨ ਉਪਰੰਤ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਤਕਨੀਕ ਸਬੰਧੀ ਵਿਸ਼ੇ ’ਤੇ ਇੱਕ ਗਿਆਨ ਵਰਧਕ ਵਰਕਸ਼ਾਪ ਕਰਵਾਈ। ਜਿਸ ਦਾ ਸੰਚਾਲਨ ਬਰਲਿੰਗਟਨ ਦੀ ਪ੍ਰੋਡਕਟ ਮੈਨੇਜਰ ਅਤੇ ਰਿਸੋਰਸ ਪਰਸਨ ਦੀਪ ਸ਼ਿਖਾ ਵੱਲੋਂ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਰੀਡਿੰਗ ਕੰਪ੍ਰਿਹੈਂਸ਼ਨ, ਵਿਸ਼ਲੇਸ਼ਣਾਤਮਕ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ। ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵਰਕਸ਼ਾਪ ਨੂੰ ਦੋ ਸੈਸ਼ਨਾਂ ਜੂਨੀਅਰ ਗਰੁੱਪ (ਜਮਾਤ ਤੀਜੀ ਤੋਂ ਪੰਜਵੀਂ) ਅਤੇ ਸੀਨੀਅਰ ਗਰੁੱਪ (ਜਮਾਤ ਛੇਵੀਂ ਤੋਂ ਅੱਠਵੀਂ) ਵਿਚ ਕਰਵਾਇਆ ਗਿਆ। ਵਿਦਿਆਰਥੀਆਂ ਨੇ ਕੀਵਰਡ ਲਭੋ, ਪੜ੍ਹੋ, ਸੋਚੋ ਅਤੇ ਜਵਾਬ ਦੋ, ਸਿਰਲੇਖ ਦੇ ਆਧਾਰ ’ਤੇ ਅਨੁਮਾਨ ਲਗਾਉਣਾ, ਪੈਰ੍ਹੇ ਸਬੰਧੀ ਚਰਚਾ ਅਤੇ ਬਹੁ ਵਿਕਲਪੀ ਪ੍ਰਸ਼ਨ ਉੱਤਰ ਵਰਗੀਆਂ ਦਿਲਚਸਪ ਸਰਗਰਮੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੂੰ ਮੁੱਖ ਵਿਚਾਰ ਪਛਾਣਨ, ਮਹੱਤਵ ਪੂਰਨ ਜਾਣਕਾਰੀ ਲੱਭਣ, ਅਰਥ ਪੂਰਨ ਨਤੀਜੇ ਕੱਢਣ ਅਤੇ ਸਟੀਕ ਉੱਤਰ ਲਿਖਣ ਦੀਆਂ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰ. ਨੀਨਾ ਭਾਰਦਵਾਜ ਨੇ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਨਾ ਕੇਵਲ ਪ੍ਰੀਖਿਆ ਦੀ ਤਿਆਰੀ ਦਾ ਹੁਨਰ ਨਹੀਂ, ਸਗੋਂ ਜੀਵਨ ਭਰ ਸਿੱਖਣ ਦਾ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਿਤ ਪੜ੍ਹਨ, ਆਲੋਚਨਾਤਮਕ ਸੋਚ ਵਿਕਸਿਤ ਕਰਨ ਅਤੇ ਹਰ ਪੈਰ੍ਹੇ ਨੂੰ ਧੀਰਜ ਅਤੇ ਆਤਮ-ਵਿਸ਼ਵਾਸ ਨਾਲ ਸਮਝਣ ਲਈ ਪ੍ਰੇਰਿਤ ਕੀਤਾ।