ਨਵੇਂ ਵਿਦਿਆਰਥੀਆਂ ਲਈ ਜੀ ਆਇਆਂ ਨੂੰ ਸਮਾਗਮ ਕਰਵਾਇਆ ਨਵੇਂ ਵਿਦਿਆਰਥੀਆਂ ਲਈ 'ਜੀ ਆਇਆਂ ਨੂੰ' ਸਮਾਗਮ ਕਰਵਾਇਆ
Publish Date: Fri, 25 Sep 2026 04:07 PM (IST)
Updated Date: Fri, 25 Sep 2026 04:09 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਯੂਨਿਟ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਾਲਜ ’ਚ ਪਹਿਲੇ ਸਾਲ ਵਿਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਜੀ ਆਇਆਂ ਨੂੰ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾ. ਸਰਬਜੀਤ ਸਿੰਘ ਸਾਬਕਾ ਮੁਖੀ, ਭਾਸ਼ਾਵਾਂ ਅਤੇ ਪੱਤਰਕਾਰੀ ਵਿਭਾਗ, ਪੀਏਯੂ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਪਰਮਾਤਮਾ ਨਾਲ ਜੁੜਨ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਅਤੇ ਆਪਣੇ ਅਮੀਰ ਵਿਰਸੇ ਨੂੰ ਪਛਾਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਰੀਅਰ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਆਪਣੇ ਵਿਰਸੇ ਨੂੰ ਪਛਾਣਦਾ ਹੈ, ਉਹੀ ਵਧੀਆ ਢੰਗ ਨਾਲ ਸਮਾਜ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਅਤੇ ਸਫ਼ਲਤਾ ਲਈ ਪੜ੍ਹਾਈ ਅਤੇ ਹੁਨਰ ਦੇ ਨਾਲ-ਨਾਲ ਚਰਿੱਤਰ ਦੀਆਂ ਤਾਕਤਾਂ ਜਿਵੇਂ ਰਚਨਾਤਮਕਤਾ, ਉਤਸੁਕਤਾ, ਹਿੰਮਤ, ਆਸ, ਲੀਡਰਸ਼ਿਪ, ਟੀਮ ਵਰਕ, ਹਮਦਰਦੀ ਅਤੇ ਪਿਆਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬੌਧਿਕ ਵਿਕਾਸ ਵੱਲ ਧਿਆਨ ਦੇਣ ਅਤੇ ਗਿਆਨ ਹਾਸਲ ਕਰਨ ਲਈ ਵਿਚਾਰ-ਵਟਾਂਦਰੇ ਨੂੰ ਆਪਣੀ ਸਿੱਖਿਆ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਗਿਆਨ ਹੋਵੇਗਾ, ਓਨਾ ਹੀ ਘੱਟ ਡਰ ਹੋਵੇਗਾ ਅਤੇ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਦੂਜਿਆਂ ਨੂੰ ਸਿਖਾਉਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੇ ਅੰਦਰ ਕੋਈ ਨਾ ਕੋਈ ਗੁਣ ਛੁਪਿਆ ਹੁੰਦਾ ਹੈ, ਲੋੜ ਸਿਰਫ਼ ਉਸ ਨੂੰ ਪਛਾਣਨ ਅਤੇ ਨਿਖਾਰਨ ਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿੱਕੀਆਂ-ਨਿੱਕੀਆਂ ਚੰਗੀਆਂ ਆਦਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਲਗਾਤਾਰ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਇੰਨਾ ਬਿਹਤਰ ਬਣਾਓ ਕਿ ਤੁਹਾਡੇ ਤੋਂ ਉੱਪਰ ਦੁਨੀਆ ਵਿਚ ਕੋਈ ਨਾ ਹੋਵੇ। ਇਸ ਮੌਕੇ ਡਾ. ਮਨਮੋਹਨਜੀਤ ਸਿੰਘ ਡੀਨ ਪੀਏਯੂ-ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੇ ਆਏ ਹੋਏ ਮਹਿਮਾਨਾਂ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ, ਝੂਠ, ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਵਿਚਾਰਾਂ, ਸਕਾਰਾਤਮਕ ਸੋਚ ਅਤੇ ਉੱਚੇ ਆਚਰਨ ਨੂੰ ਅਪਣਾਉਂਦਿਆਂ ਇੱਕ ਚੰਗਾ ਇਨਸਾਨ ਬਣਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜੀਵਨ ਵਿਚ ਸਕਾਰਾਤਮਕਤਾ ਨਿੱਕੀਆਂ-ਨਿੱਕੀਆਂ ਖੁਸ਼ੀਆਂ, ਚੰਗੇ ਰਿਸ਼ਤਿਆਂ, ਦੂਜਿਆਂ ਦੀ ਮਦਦ ਅਤੇ ਹਰ ਹਾਲਾਤ ਵਿਚੋਂ ਕੁਝ ਚੰਗਾ ਸਿੱਖਣ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਿਸਾਨ ਮੇਲੇ ’ਤੇ ਲੰਗਰ, ਕੁਦਰਤੀ ਆਫਤਾਂ ਸਮੇਂ ਸਹਾਇਤਾ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਡਾ. ਅਰਸ਼ਦੀਪ ਸਿੰਘ ਇੰਚਾਰਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵੱਲੋਂ ਕਰਵਾਇਆ ਗਿਆ। ਮੰਚ ਸੰਚਾਲਨ ਡਾ. ਜਸ਼ਲੀਨ ਕੌਰ ਸਿੱਧੂ ਨੇ ਕੀਤਾ।