- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਆਭਾ ਆਈਡੀ ਬਣਾਉਣ ਸੰਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਿਵਲ ਸਰਜਨ ਡਾ. ਅਮਨ ਸੂਦ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਲਈ ਦਫ਼ਤਰ ਸਿਵਲ ਸਰਜਨ ਵਿਖੇ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਆਭਾ ਆਈਡੀ ਬਣਾਉਣ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ। ਜਿਸ ਦਾ ਉਦੇਸ਼ ਨਿੱਜੀ ਹਸਪਤਾਲਾਂ ਵਿਚ ਆਭਾ ਆਈਡੀ ਬਣਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਡਿਜੀਟਲ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਵਧਾਉਣਾ ਸੀ। ਸਿਹਤ ਸੇਵਾਵਾਂ ਨੂੰ ਡਿਜੀਟਲ ਤਕਨਾਲੌਜੀ ਨਾਲ ਜੋੜਨ ਅਤੇ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਆਭਾ ਆਈਡੀ ਦੀ ਮਹੱਤਵ ਪੂਰਨ ਭੂਮਿਕਾ ਹੈ। ਸਿਵਲ ਸਰਜਨ ਡਾ. ਅਮਨ ਸੂਦ ਨੇ ਜ਼ਿਲ੍ਹੇ ਦੇ ਸਾਰੇ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਆਭਾ ਆਈਡੀ ਬਣਾਉਣ ਲਈ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਰੇਕ ਨਿੱਜੀ ਹਸਪਤਾਲ ਵਿਚ ਆਭਾ ਆਈਡੀ ਬਣਾਉਣ ਦੀ ਪ੍ਰਕਿਰਿਆ ਵਿਚ ਮਰੀਜ਼ਾਂ ਦੀ ਮਦਦ ਕਰਨ ਲਈ ਇੱਕ ਸਮਰਪਿਤ ਸਟਾਫ਼ ਮੈਂਬਰ ਨਿਯੁਕਤ ਕੀਤਾ ਜਾਵੇ ਤਾਂ ਜੋ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਡਿਜੀਟਲ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਆਭਾ ਆਈਡੀ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਜਾਰੀ ਕੀਤੀ ਜਾਣ ਵਾਲੀ 14 ਅੰਕਾਂ ਦੀ ਵਿਲੱਖਣ ਡਿਜੀਟਲ ਸਿਹਤ ਪਛਾਣ ਹੈ। ਇਸ ਰਾਹੀਂ ਵਿਅਕਤੀ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਵਿਚ ਜੋੜ ਅਤੇ ਸੰਭਾਲ ਸਕਦਾ ਹੈ। ਇਸ ਨਾਲ ਲੋੜ ਪੈਣ ’ਤੇ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਵਿਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਰਗਰਮ ਸਹਿਯੋਗ ਦੇਣ ਅਤੇ ਮਰੀਜ਼ਾਂ ਨੂੰ ਆਭਾ ਆਈਡੀ ਦੇ ਲਾਭਾਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਿਹਤ ਰਿਕਾਰਡ ਦੀ ਨਿੱਜਤਾ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਅਤੇ ਰਿਕਾਰਡ ਸਾਂਝਾ ਕਰਨ ਲਈ ਮਰੀਜ਼ ਦੀ ਸਹਿਮਤੀ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਭਾ ਆਈਡੀ ਬਣਾਉਣ ਦੀ ਸਹੂਲਤ ਮੁਫ਼ਤ ਹੈ। ਨਾਗਰਿਕ ਅਧਿਕਾਰਤ ਵੈੱਬਸਾਈਟ ਰਾਹੀਂ ਜਾਂ ਨਜ਼ਦੀਕੀ ਸਿਹਤ ਕੇਂਦਰ ਤੋਂ ਸਹਾਇਤਾ ਲੈ ਕੇ ਆਪਣੀ ਆਭਾ ਆਈਡੀ ਬਣਵਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।