ਅਜੇ ਮੰਗੂਪੁਰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸ ਦੇ ਮਜ਼ਬੂਤ ਦਾਅਵੇਦਾਰ ਅਜੇ ਮੰਗੂਪੁਰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਕਾਂਗਰਸ ਦੇ ਮਜਬੂਤ ਦਾਅਵੇਦਾਰ
Publish Date: Thu, 24 Sep 2026 06:26 PM (IST)
Updated Date: Thu, 24 Sep 2026 06:27 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਾਵੇਂ ਕਿ ਟਿਕਟ ਦੀ ਖੁਸ਼ਬੂ ਆਉਂਦੇ ਹੀ ਵਿਧਾਨ ਸਭਾ ਹਲਕਾ ਬਲਾਚੌਰ ਚ ਸ਼ਾਹੀ ਅੰਦਾਜ਼ ਅਤੇ ਲੋਕਾਂ ਤੋਂ ਦੂਰ ਰਹਿਣ ਵਾਲੇ ਕਈ ਆਗੂਆਂ ਨੂੰ ਅਚਾਨਕ ਹੀ ਉਹ ਦਰਵਾਜ਼ੇ ਨਜ਼ਰ ਆਉਣ ਲੱਗੇ ਹਨ। ਜਿੱਥੇ ਪਹਿਲਾਂ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ। ਪਰ ਦੂਜੇ ਪਾਸੇ ਜੇਕਰ ਸਿਆਸੀ ਗਲਿਆਰਿਆਂ ਦੇ ਪਿਛੋਕੜ ਵੱਲ ਨਜ਼ਰ ਮਾਰੀਏ। ਇਨ੍ਹਾਂ ਅਨੇਕਾਂ ਚਿਹਰਿਆਂ ਦਾ ਕੱਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਅਣਥੱਕ ਸਿਆਸਤਦਾਨ ਅਜੇ ਮੰਗੂਪੁਰ ਦੇ ਸਿਆਸੀ ਕੱਦ ਤੋਂ ਕਾਫੀ ਬੌਣਾ ਨਜ਼ਰ ਆਉਂਦਾ ਹੈ। ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ ਪਿਛਲੇ ਲੰਮੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਹਲਕੇ ਦੇ ਲੋਕਾਂ ਦੀ ਕਚਹਿਰੀ ਵਿਚ ਸੇਵਾ ਕਰ ਰਹੇ ਹਨ, ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਵਿਰੋਧੀ ਧਿਰ ਨਾਲ ਉਨ੍ਹਾਂ ਹਮੇਸ਼ਾ ਹੀ ਜਿੱਥੇ ਆਢਾ ਲਾਇਆ ਉੱਥੇ ਹੀ ਜ਼ਰੂਰਤ ਪੈਣ ’ਤੇ ਧਰਨੇ, ਪ੍ਰਦਰਸ਼ਨ ਵੀ ਕੀਤੇ ਹਨ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿਚ ਉਨ੍ਹਾਂ ਖਾਸ ਭੂਮਿਕਾ ਨਿਭਾਈ ਜਾ ਰਹੀ ਹੈ, ਉਨ੍ਹਾਂ ਦੇ ਲੋਕਾਂ ਨਾਲ ਮਿਲਣਸਾਰ ਸੁਭਾਅ ਕਾਰਨ ਹਰ ਵਰਗ ਵਿੱਚ ਖਾਸ ਪਛਾਣ ਬਣੀ ਹੈ, ਜਿਸ ਕਰ ਕੇ ਹਲਕੇ ਤੋਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਪੱਖੀ ਹਲਕੇ ਦੇ ਸਮਰਥਕ ਦਾਅਵਾ ਹੈ ਕਿ ਹਲਕੇ ਵਿਚ ਉਨ੍ਹਾਂ ਦੀ ਚੰਗੀ ਮਜ਼ਬੂਤ ਸਿਆਸੀ ਪਕੜ ਹੈ। ਅਜੇ ਮੰਗੂਪੁਰ ਦਾ ਇਹ ਵੀ ਦਾਅਵਾ ਹੈ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਉਨ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸੱਭ ਤੋਂ ਵੱਡੀ ਤਾਕਤ ਉਨ੍ਹਾਂ ਦਾ ਹਲਕੇ ਨਾਲ ਸਥਾਨਕ ਪੱਧਰ, ਸਮਾਜ ਭਲਾਈ ਪੱਧਰ ’ਤੇ ਵੱਡਾ ਲਗਾਓ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਸਮਰਥਕਾਂ ਦਾ ਇਹ ਵੀ ਮੰਨਣਾ ਹੈ ਕਿ ਹਲਕੇ ਦੇ ਲੋਕ ਆਪਣੇ ਇਲਾਕੇ ਦੇ ਰਹਿਣ ਵਾਲੇ ਅਤੇ ਸਥਾਨਕ ਮਸਲਿਆਂ ਨੂੰ ਸਮਝਣ ਵਾਲੇ ਉਮੀਦਵਾਰ ਨੂੰ ਵਧੇਰੇ ਤਰਜੀਹ ਦੇ ਸਕਦੇ ਹਨ। ਸਮਰਥਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਹਲਕੇ ਅੰਦਰ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਹਨ, ਉਹ ਦਾਅਵਾ ਕਰਦੇ ਹਨ ਕਿ ਹੋਰ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੇ ਮੁਕਾਬਲੇ ਇੱਕ ਇਮਾਨਦਾਰ ਉਮੀਦਵਾਰ ਵਜੋਂ ਅਜੇ ਮੰਗੂਪੁਰ ਨੂੰ ਲੋਕਾਂ ਦਾ ਵਧੇਰੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਸਥਾਨਕ ਪਹਿਚਾਣ, ਰਾਜਨੀਤਿਕ ਤਜ਼ਰਬਾ, ਸਮਾਜ ਵਿਚ ਪਕੜ ਅਤੇ ਵਰਕਰਾਂ ਨਾਲ ਸੰਪਰਕ ਕਾਂਗਰਸ ਪਾਰਟੀ ਲਈ ਇੱਕ ਵੱਡੀ ਰਾਜਨੀਤਿਕ ਤਾਕਤ ਬਣ ਚੁੱਕੇ ਹਨ। ਕਾਂਗਰਸ ਪਾਰਟੀ ਅਜੇ ਮੰਗੂਪੁਰ ਨੂੰ ਬਲਾਚੌਰ ਹਲਕੇ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਮਜ਼ਬੂਤ ਮੁਕਾਬਲਾ ਦੇ ਸਕਦੇ ਹਨ। ਸਿਆਸੀ ਸੂਤਰਾਂ ਅਨੁਸਾਰ ਅਜੇ ਮੰਗੂਪੁਰ ਵੱਲੋਂ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਦੇ ਨਾਲ-ਨਾਲ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਰੋਜ਼ਾਨਾ ਮੁਲਾਕਾਤਾਂ ਦਾ ਸਿਲਸਿਲਾ ਪਹਿਲਾਂ ਤੋਂ ਹੀ ਆਰੰਭ ਹੈ। ਜ਼ਮੀਨੀ ਪੱਧਰ ’ਤੇ ਲਗਾਤਾਰ ਲੋਕ ਮਿਲਣੀਆਂ ਕਰਨ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਲੋਕਾਂ ਨਾਲ ਮੁਲਾਕਾਤਾਂ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਜਨਤਕ ਮੁੱਦਿਆਂ ’ਤੇ ਕੰਮ ਕਰਨ ਦੀ ਇਹ ਪਹਿਲ ਅਜੇ ਮੰਗੂਪੁਰ ਦੀ ਹਲਕੇ ਵਿੱਚ ਸਰਗਰਮ ਭੂਮਿਕਾ ਨੂੰ ਦਰਸਾਉਂਦੇ ਹਨ। ਅਜੇ ਮੰਗੂਪੁਰ ਦਾ ਕਹਿਣਾ ਹੈ ਕਿ ਉਹ ਆਪਣੀ ਪਛਾਣ ਕਿਸੇ ’ਤੇ ਕੀਤੀ ਬਿਆਨਬਾਜ਼ੀ ਨਾਲ ਨਹੀਂ, ਸਗੋਂ ਆਪਣੇ ਕੰਮਾਂ ਨਾਲ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਲਕੇ ਵਿੱਚ ਉਨ੍ਹਾਂ ਦੀ ਸਰਗਰਮੀ ਦਾ ਕੇਂਦਰ ਬਿਆਨਬਾਜ਼ੀ ਨਹੀਂ, ਸਗੋਂ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਹੋਰ ਜਨਤਕ ਮੁੱਦਿਆ ’ਤੇ ਪਹਿਰਾ ਦੇਣਾ ਹੈ।