ਵਿਸ਼ੇਸ਼ ਕੈਪਸੂਲ ਸਿਖਲਾਈ ਕੋਰਸ ਕਰਵਾਇਆ ਵਿਸ਼ੇਸ਼ ਕੈਪਸੂਲ ਸਿਖਲਾਈ ਕੋਰਸ ਕਰਵਾਇਆ
Publish Date: Sat, 14 Nov 2026 03:04 PM (IST)
Updated Date: Sat, 14 Nov 2026 03:06 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਵਿਖੇ ਆਸ਼ਾ ਵਰਕਰਾਂ, ਆਸ਼ਾ ਫੈਸੀਲੀਟੇਟਰਾਂ ਅਤੇ ਏਐੱਨਐੱਮਜ਼ ਲਈ ਵਿਸ਼ੇਸ਼ ਕੈਪਸੂਲ ਸਿਖਲਾਈ ਕੋਰਸ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਵਿਚ ਪੀਐੱਚਸੀ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਸਮੇਤ ਏਐੱਨਐੱਮਜ਼, ਆਸ਼ਾ ਫੈਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਚਾਰ ਘੰਟਿਆਂ ਦੇ ਵਿਸ਼ੇਸ਼ ਸਿਖਲਾਈ ਕੋਰਸ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਿਹਤ ਕਰਮਚਾਰੀਆਂ ਦੀ ਜਾਣਕਾਰੀ ਅਤੇ ਕਾਰਜ ਕੁਸ਼ਲਤਾ ਵਿਚ ਵਾਧਾ ਕਰਨਾ ਹੈ। ਤਾਂ ਜੋ ਉਹ ਲੋਕਾਂ ਤੱਕ ਸਿਹਤ ਵਿਭਾਗ ਦੀਆਂ ਨਵੀਆਂ ਅਤੇ ਸੋਧੀਆਂ ਸਿਹਤ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾ ਸਕਣ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਸਾਮਗਰਾ ਸ਼ਿਸ਼ੂ ਬਾਲ ਸਿਹਤ ਪ੍ਰੋਗਰਾਮ, ਅਨੀਮੀਆ ਮੁਕਤ ਭਾਰਤ ਅਭਿਆਨ, ਸੋਧੀ ਹੋਈ ਕਮਿਊਨਿਟੀ ਬੇਸਡ ਅਸੈਸਮੈਂਟ ਚੈੱਕਲਿਸਟ, ਸੁਰੱਖਿਅਤ ਮਾਤ੍ਰਿਤਵ ਆਸ਼ਵਾਸਨ, ਪੇਂਡੂ ਸਿਹਤ, ਸਫ਼ਾਈ ਅਤੇ ਪੋਸ਼ਣ ਦਿਵਸ, ਜਨ ਆਰੋਗਿਆ ਸਮਿੱਤੀ ਅਤੇ ਟੀਬੀ ਦੀ ਰੋਕਥਾਮ ਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਤਪਦਿਕ ਦੀ ਰੋਕਥਾਮ ਅਤੇ ਇਲਾਜ ਨਾਲ ਸੰਬੰਧਤ ਡਿਜੀਟਲ ਪਹਿਲ ਕਦਮੀਆਂ ਅਤੇ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਐਸਐਮਓ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਏਐੱਨਐੱਮਜ਼ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ ਉਹ ਲੋਕਾਂ ਅਤੇ ਸਿਹਤ ਸੰਸਥਾਵਾਂ ਵਿਚਕਾਰ ਅਹਿਮ ਕੜੀ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਲਾਗੂ ਕਰਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ।