- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ ਵਿਸ਼ੇ 'ਤੇ ਸੈਮੀਨਾਰ ਕਰਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਕੇਸੀ ਕਾਲਜ ਆਫ਼ ਐਜੂਕੇਸ਼ਨ, ਕੇਸੀ ਮੈਨੇਜਮੈਂਟ ਕਾਲਜ ਅਤੇ ਕੇਸੀ ਇੰਜੀਨੀਅਰਿੰਗ ਐਂਡ ਪੋਲੀਟੈਕਨਿਕ ਕਾਲਜ ਵੱਲੋਂ ਸਾਂਝੇ ਤੌਰ ’ਤੇ ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਦੌਰਾਨ ਮੁੱਖ ਬੁਲਾਰਾ ਜਲੰਧਰ ਸਥਿਤ ਐੱਲਪੀਯੂ ਦੇ ਸ਼ਸ਼ੋਲਜੀ ਅਤੇ ਸੋਸ਼ਲ ਵਰਕਰ ਵਿਭਾਗ ਦੇ ਮੁਖੀ ਡਾ. ਸੁਪ੍ਰੀਤ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਆਈਕੇਐੱਸ (ਇੰਡੀਅਨ ਨੌਲਿਜ ਸਿਸਟਮ) ਵਿਭਾਗ ਭਾਰਤ ਦੀਆਂ ਵੱਖੋ-ਵੱਖ ਵਸਤੂਆਂ, ਕਲਾਵਾਂ ਅਤੇ ਗਿਆਨ ਪ੍ਰਣਾਲੀਆਂ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਜਿਸ ਵਿਚ ਯੋਗ, ਭਾਰਤੀ ਸੰਗੀਤ, ਪਰੰਪਰਾਗਤ ਲਲਿਤ ਕਲਾਵਾਂ, ਭਾਰਤੀ ਦਰਸ਼ਨ, ਗਣਿਤ, ਵਿਗਿਆਨ, ਸੰਗੀਤ ਸ਼ਾਸਤਰ, ਕਾਨੂੰਨ ਅਤੇ ਪਰੰਪਰਾਗਤ ਗਿਆਨ ਪ੍ਰਣਾਲੀਆਂ ਦੇ ਵੱਖੋ-ਵੱਖ ਪਹਿਲੂਆਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਸ਼ਾਲ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਜੋ ਪ੍ਰਾਚੀਨ ਮਨੁੱਖੀ ਬਸਤੀਆਂ ਤੋਂ ਲੈ ਕੇ ਮਹਾਨ ਸਾਮਰਾਜਾਂ ਅਤੇ ਆਧੁਨਿਕ ਗਣਰਾਜ ਤੱਕ ਫੈਲਿਆ ਹੋਇਆ ਹੈ। ਭਾਰਤੀ ਦਰਸ਼ਨ ਦੀ ਜਾਣ-ਪਛਾਣ ‘ਵੈਦਿਕ ਗਣਿਤ ਸੂਤਰ’, ‘ਭਾਰਤੀ ਗਣਨਾ ਦੀ ਕਲਾ’ ਅਤੇ ‘ਪ੍ਰਾਚੀਨ ਭਾਰਤੀ ਗ੍ਰੰਥਾਂ ’ਚ ਵਿਗਿਆਨ ਅਤੇ ਤਕਨਾਲੋਜੀ’ ਵਰਗੇ ਕੋਰਸ ਨਾ ਸਿਰਫ਼ ਭਾਰਤ ਦੀ ਬੌਧਿਕ ਵਿਰਾਸਤ ਦੀ ਡੂੰਘਾਈ ਨੂੰ ਦਰਸਾਉਂਦੇ ਹਨ, ਸਗੋਂ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਡੂੰਘਾ ਜੁੜਾਅ ਸਥਾਪਤ ਕਰਨ ਵਿਚ ਵੀ ਯੋਗਦਾਨ ਪਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਆਈਕੇਐੱਸ ਵਿਭਾਗ ਦਾ ਉਦੇਸ਼ ਭਾਰਤ ਅਤੇ ਵਿਸ਼ਵ ਦੀਆਂ ਮੌਜੂਦਾ ਅਤੇ ਉੱਭਰ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਗਿਆਨ ਪ੍ਰਣਾਲੀ ਦੀ ਵਿਹਾਰਕ ਉਪਯੋਗਤਾ ਨੂੰ ਉਜਾਗਰ ਕਰਨਾ ਹੈ। ਇਸ ਦਾ ਟੀਚਾ ਵਿਸ਼ਵ ਕਲਿਆਣ ਲਈ ਭਾਰਤ ਦੀਆਂ ਅਤੁੱਟ ਗਿਆਨ ਪਰੰਪਰਾਵਾਂ ਪ੍ਰਤੀ ਰੁਚੀ ਅਤੇ ਸਿਹਤਮੰਦ ਆਲੋਚਨਾਤਮਕ ਸਤਿਕਾਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪ੍ਰਾਚੀਨ ਅਤੇ ਸਮਕਾਲੀਨ ਗਿਆਨ ਪ੍ਰਣਾਲੀਆਂ 'ਚ ਕਲਾ, ਸੰਗੀਤ, ਨਾਚ, ਨਾਟਕ ਤੋਂ ਲੈ ਕੇ ਗਣਿਤ, ਖਗੋਲ ਵਿਗਿਆਨ, ਵਿਗਿਆਨ, ਤਕਨਾਲੋਜੀ, ਜੀਵ ਵਿਗਿਆਨ, ਵਾਤਾਵਰਣ ਅਤੇ ਕੁਦਰਤੀ ਵਿਗਿਆਨ, ਸਿਹਤ ਸੰਭਾਲ, ਯੋਗ, ਕਾਨੂੰਨ, ਨਿਆਂ ਸ਼ਾਸਤਰ, ਅਰਥ ਸ਼ਾਸਤਰ, ਸਮਾਜਿਕ ਵਿਗਿਆਨ, ਮਨੋਵਿਗਿਆਨ, ਦਰਸ਼ਨ ਸ਼ਾਸਤਰ, ਪ੍ਰਬੰਧਨ ਅਤੇ ਭਾਸ਼ਾ ਵਿਗਿਆਨ ਤੱਕ ਦਾ ਵਿਸ਼ਾਲ ਗਿਆਨ ਸ਼ਾਮਲ ਹੈ। ਇਸ ਤੋਂ ਇਲਾਵਾ ਸੰਸਕ੍ਰਿਤ, ਪ੍ਰਾਕ੍ਰਿਤ, ਤਮਿਲ, ਪਾਲੀ ਆਦਿ ਭਾਸ਼ਾਵਾਂ ’ਚ ਮੌਜੂਦ ਗਿਆਨ ਅਤੇ ਭਾਰਤ ਦੀਆਂ ਮੌਖਿਕ ਪਰੰਪਰਾਵਾਂ ਵੀ ਇਸ ਦਾ ਮਹੱਤਵ ਪੂਰਨ ਹਿੱਸਾ ਹਨ।
ਇਸ ਮੌਕੇ ਡਾ. ਸੁਪ੍ਰੀਤ ਨੇ ਕਿਹਾ ਕਿ ਚੰਗੇ ਗਿਆਨ ਦੀ ਪ੍ਰਾਪਤੀ ਲਈ ਸਾਨੂੰ ਕਿਸੇ ਵੀ ਦੇਸ਼ ਦੀ ਭਾਸ਼ਾ ਸਿੱਖਣ ਅਤੇ ਉਸ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ। ਭਾਰਤੀ ਸੱਭਿਆਚਾਰ ਸਾਨੂੰ ਦੱਸਦਾ ਹੈ ਕਿ ਨੈਤਿਕਤਾ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਸਥਾਨ ਹੈ। ਮਨੁੱਖ ਆਪਣੇ ਚੰਗੇ ਵਿਹਾਰ ਰਾਹੀਂ ਹਰ ਕਿਸੇ ਦਾ ਸਹਿਯੋਗ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕਤਾ ਮੂਲ ਰੂਪ ’ਚ ਨੀਤੀ ਤੋਂ ਉਤਪੰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਨੀਮ ਅਤੇ ਅਸ਼ਵਗੰਧਾ ਦਾ ਨਾਂ ਸਾਹਮਣੇ ਆਉਂਦੇ ਹੀ ਆਯੁਰਵੈਦਿਕ ਇਲਾਜ ਦੀ ਯਾਦ ਆਉਂਦੀ ਹੈ। ਸਾਡੀ ਪ੍ਰਾਚੀਨ ਯੋਗ ਪ੍ਰਣਾਲੀ ਅਤੇ ਇਲਾਜ ਦੇ ਤਰੀਕੇ ਅੱਜ ਵੀ ਕਾਰਗਰ ਹਨ। ਬੀਐੱਡ ਕਾਲਜ ਦੀ ਪ੍ਰਿੰ. ਡਾ. ਕੁਲਜਿੰਦਰ ਕੌਰ ਨੇ ਕਿਹਾ ਕਿ ਭਾਰਤ ਵੱਲੋਂ ਸਦੀਆਂ ਤੋਂ ਅਪਣਾਈ ਜਾ ਰਹੀ ਪ੍ਰਾਚੀਨ ਪ੍ਰਣਾਲੀ ਨੂੰ ਹੁਣ ਕਈ ਦੇਸ਼ਾਂ ਵੱਲੋਂ ਵੀ ਅਪਣਾਇਆ ਜਾ ਰਿਹਾ ਹੈ। ਮੈਨੇਜਮੈਂਟ ਕਾਲਜ ਦੀ ਸਹਾਇਕ ਪ੍ਰੋ. ਜਸਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਹਾਇਕ ਪ੍ਰੋ. ਮੋਨਿਕਾ ਧੰਮ, ਡਾ. ਮਨਦੀਪ ਕੌਰ, ਰਮਨ, ਇੰਜ. ਮੇਹਾ ਸੇਠ, ਇੰਜ. ਦਵਿੰਦਰ ਸਿੰਘ, ਜਤਿੰਦਰ ਕੌਰ, ਹਰਸਿਮਰਨ, ਤਨੀਸ਼ਾ, ਅਨੀਤਾ ਰਾਣੀ, ਵਰਸ਼ਾ, ਧਾਰਣਾ, ਵਿਪਨ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।