ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਨੂੰ ਮਿਲਣਗੇ 25 ਹਜ਼ਾਰ ਰੁਪਏ ਸੜਕ ਹਾਦਸੇ ਦੇ ਪੀੜਤਾਂ ਦੀ ਮੱਦਦ ਕਰਨ ਵਾਲੇ ਨੂੰ ਮਿਲੇਗੀ 25 ਹਜ਼ਾਰ ਪ੍ਰੋਤਸਾਹਨ ਰਾਸ਼ੀ
Publish Date: Wed, 23 Sep 2026 05:14 PM (IST)
Updated Date: Wed, 23 Sep 2026 05:15 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸੜਕ ਹਾਦਸਿਆਂ ਦੌਰਾਨ ਜ਼ਖ਼ਮੀਂ ਵਿਅਕਤੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਅਤੇ ਕੀਮਤੀ ਜਾਨਾਂ ਬਚਾਉਣ ਵਾਲੇ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਰਾਹ-ਵੀਰ ਸਕੀਮ ਲਾਗੂ ਕੀਤੀ ਹੈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸੰਬੰਧਤ ਵਿਭਾਗਾਂ ਨੂੰ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਆਮ ਲੋਕਾਂ ਵਿਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਰਾਹ-ਵੀਰ ਸਕੀਮ ਤਹਿਤ ਸੜਕ ਹਾਦਸੇ ਦੇ ਪੀੜਤ ਦੀ ਸਮੇਂ ਸਿਰ ਮੱਦਦ ਕਰਕੇ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਯੋਗ ਵਿਅਕਤੀ ਨੂੰ ਸਨਮਾਨ ਪੱਤਰ ਦੇ ਨਾਲ-ਨਾਲ 25,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਮਾਨ ਭੇਂਟ ਵਜੋਂ ਦਿੱਤੀ ਜਾਂਦੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਹਾਦਸਾ ਪੀੜਤਾਂ ਦੀ ਤੁਰੰਤ ਮੱਦਦ ਲਈ ਅੱਗੇ ਆਉਣ ਵਾਸਤੇ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੋਟਰ ਵਹੀਕਲ ਐਕਟ, 1988 ਦੀ ਧਾਰਾ 134 ਏ ਅਧੀਨ ਰਾਹ-ਵੀਰ/ਗੁਡ ਸਮੈਰੀਟਨ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ ਤਹਿਤ ਨੇਕ ਨੀਅਤ ਨਾਲ ਬਿਨਾਂ ਕਿਸੇ ਇਨਾਮ ਜਾਂ ਮੁਆਵਜ਼ੇ ਦੀ ਉਮੀਦ ਦੇ ਹਾਦਸਾ ਪੀੜਤ ਦੀ ਐਮਰਜੈਂਸੀ ਮੈਡੀਕਲ ਜਾਂ ਗੈਰ-ਮੈਡੀਕਲ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ ਨਿਰਧਾਰਤ ਕਾਨੂੰਨੀ ਸੁਰੱਖਿਆ ਹਾਸਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਾਹ-ਵੀਰ ਨੂੰ ਹਾਦਸਾ ਪੀੜਤ ਦੀ ਮੱਦਦ ਕਰਨ ਦੌਰਾਨ ਕਿਸੇ ਕਿਸਮ ਦੀ ਦਿੱਕਤ, ਪਰੇਸ਼ਾਨੀ ਜਾਂ ਉਸ ਨੂੰ ਮਿਲਣ ਵਾਲੀ ਸੁਰੱਖਿਆ ਸੰਬੰਧੀ ਕੋਈ ਸ਼ਿਕਾਇਤ ਆਉਂਦੀ ਹੈ। ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਇਸ ਸੰਬੰਧੀ ਜ਼ਿਲ੍ਹਾ ਪੱਧਰ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋੜੀਂਦੀ ਵਿਵਸਥਾ ਕੀਤੀ ਗਈ ਹੈ। ਕੇਂਦਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁੱਡ ਸਮੈਰੀਟਨ ਦੀ ਸੁਰੱਖਿਆ ਦੀ ਉਲੰਘਣਾ ਹੋਣ ਦੀ ਸਥਿਤੀ ਵਿਚ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਣ ਕਮੇਟੀ ਕੋਲ ਪਹੁੰਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਫੀਲਡ ਅਫਸਰ ਨੂੰ ਰਾਹ-ਵੀਰ ਸ਼ਿਕਾਇਤ ਨਿਵਾਰਣ ਸੈਲ ਲਈ ਜ਼ਿਲ੍ਹਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਕੋਈ ਵੀ ਰਾਹ-ਵੀਰ ਆਪਣੀ ਸਮੱਸਿਆ ਜਾਂ ਸ਼ਿਕਾਇਤ ਸੰਬੰਧੀ ਨੋਡਲ ਅਫਸਰ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਲੋੜ ਪੈਣ ਤੇ ਆਰਟੀਓ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸੰਬੰਧਤ ਵਿਭਾਗਾਂ ਨੂੰ ਰਾਹ-ਵੀਰ ਸਕੀਮ ਦੇ ਲਾਭਾਂ, ਪ੍ਰੋਤਸਾਹਨ ਰਾਸ਼ੀ ਅਤੇ ਕਾਨੂੰਨੀ ਸੁਰੱਖਿਆ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਆਪਕ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਦੀ ਸਥਿਤੀ ਵਿਚ ਕਿਸੇ ਦੀ ਜਾਨ ਬਚਾਉਣ ਲਈ ਕੀਤੀ ਗਈ ਸਮੇਂ ਸਿਰ ਮੱਦਦ ਸਮਾਜ ਪ੍ਰਤੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਬਰਾਬਰ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਹਾਦਸੇ ਦੇ ਪੀੜਤਾਂ ਦੀ ਮੱਦਦ ਕਰਨ ਲਈ ਅੱਗੇ ਆਉਣ।