ਅਮਰਦੀਪ ਕਾਲਜ ’ਚ ਕੱਪੜੇ ਦੀ ਸਜਾਵਟ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਅਮਰਦੀਪ ਕਾਲਜ ਵਿਖੇ ਕੱਪੜੇ ਦੀ ਸਜਾਵਟ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ
Publish Date: Wed, 30 Sep 2026 04:14 PM (IST)
Updated Date: Wed, 30 Sep 2026 04:16 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਪ੍ਰਿੰ. ਮਨਜੀਤ ਸਿੰਘ ਦੀ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਅਤੇ ਆਈਆਈਸੀ ਵੱਲੋਂ ਕਾਲਜ ਵਿਦਿਆਰਥਣਾਂ ਦੇ ਹੁਨਰ ’ਚ ਵਾਧੇ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ। ਜਿਸ ਦੇ ਕੋ-ਆਰਡੀਨੇਟਰ ਸ਼ਵੇਤਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਇੱਕ ਸਧਾਰਨ ਕੱਪੜੇ ਨੂੰ ਰਵਾਇਤੀ ਤਕਨੀਕਾਂ ਨਾਲ਼ ਖੂਬਸੂਰਤ ਬਣਾਉਣ ਬਾਰੇ ਜਾਣਕਾਰੀ ਦੇਣਾ ਸੀ। ਡਾ. ਰਜਿੰਦਰ ਕੌਰ (ਅਸਿਸਟੈਂਟ ਪ੍ਰੋਫ਼ੈਸਰ) ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੱਪੜਾ ਸਿਰਫ਼ ਤਨ ਢਕਣ ਦਾ ਸਾਧਨ ਨਹੀਂ, ਸਗੋਂ ਸਾਡੀ ਅਮੀਰ ਵਿਰਾਸਤ ਅਤੇ ਕਲਾ ਦਾ ਪ੍ਰਤੀਕ ਵੀ ਹੈ। ਅੱਜ ਦੇ ਯੁੱਗ ’ਚ ਪੁਰਾਤਨ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਅਤੇ ਇਸ ਰਾਹੀਂ ਸਾਡਾ ਆਮਦਨੀ ਦਾ ਜਰੀਆ ਵੀ ਬਣਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਫੈਬਰਿਕ ਪੇਂਟਿੰਗ, ਪੇਂਟਿੰਗ ਦੇ ਗੁਰ ਸਿਖਾਏ ਅਤੇ ਸਾਧਾਰਨ ਸੂਟ, ਦੁਪੱਟੇ ਅਤੇ ਸਜਾਵਟ ਦੇ ਸਾਮਾਨ ਦੇ ਪੈਟਰਨ ਬਣਾਏ। ਉਨ੍ਹਾਂ ਕਿਹਾ ਕਿ ਫੈਬਰਿਕ ਨੂੰ ਇਸ ਤਕਨੀਕ ਰਾਹੀਂ ਘੱਟ ਖਰਚ ’ਤੇ ਬਿਲਕੁੱਲ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਲੱਕੜ ਦੇ ਠੱਪਿਆ ਨਾਲ, ਟਾਈ-ਡਾਈ ਤਕਨੀਕ ਰਾਹੀਂ ਵਸਤਰ ਨੂੰ ਆਕਰਸ਼ਕ ਬਣਾਉਣ ਦੀ ਕਲਾ ਨਾਲ਼ ਜਾਣੂ ਵੀ ਕਰਵਾਇਆ। ਉਪਰੰਤ ਡਾ. ਰਜਿੰਦਰ ਕੌਰ ਨੇ ਹੱਥੀ ਕਢਾਈ ਦੇ ਵੱਖ-ਵੱਖ ਟਾਂਕੇ ਜਿਵੇਂ ਕਿ ਗੰਢ ਤੋਪਾ, ਜੰਜ਼ੀਰ ਤੋਪਾ, ਫਿਸ਼ਬੋਨ, ਸਾਟਨ, ਫਰੈਂਚ ਨੋਟ, ਲੈਜ਼ੀ ਡੈਜ਼ੀ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨਾਲ ਗੱਲਬਾਤ ਵਿਚ ਘਰੇਲੂ ਉਦਯੋਗ ਅਤੇ ਸਰਕਾਰ ਵੱਲੋਂ ਲਘੂ ਉਦਯੋਗ ਸ਼ੁਰੂ ਕਰਨ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪ੍ਰਿੰ. ਮਨਜੀਤ ਸਿੰਘ ਨੇ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਡਾ. ਨਿਰਦੋਸ਼ ਕੌਰ ਨੇ ਅੰਤ ਵਿਚ ਡਾ. ਰਜਿੰਦਰ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਿੰ. ਪਰਮਜੀਤ ਕੌਰ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ ਅਤੇ ਵਿਦਿਆਰਥੀ ਹਾਜ਼ਰ ਸਨ।