ਫੌਜ ਦੀ ਭਰਤੀ ਲਈ ਤਿਆਰੀ ਕਰਦੇ ਨੌਜਵਾਨ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਫੌਜ ਦੀ ਭਰਤੀ ਲਈ ਤਿਆਰੀ ਕਰਦੇ ਨੌਜਵਾਨ ਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ
Publish Date: Sun, 20 Sep 2026 06:50 PM (IST)
Updated Date: Sun, 20 Sep 2026 06:53 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿਛਲੇ ਦਿਨੀਂ ਪਿੰਡ ਰੈਲ ਮਾਜਰਾ ਦਾ ਇੱਕ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਲਿਖਤੀ ਟੈਸਟ ਅਤੇ ਹੋਰ ਟੈਸਟ ਪਾਸ ਕਰ ਚੁੱਕਿਆ ਸੀ। ਸਿਰਫ ਇਕ ਦੌੜ ਦਾ ਟੈਸਟ ਬਾਕੀ ਰਹਿੰਦਾ ਸੀ। ਉਸ ਟੈਸਟ ਨੂੰ ਪਾਸ ਕਰਨ ਲਈ ਉਸ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੈਲਮਾਜਰਾ ਨੂੰ ਪਿੰਡ ਵਿਚ ਕੋਈ ਵੀ ਗਰਾਊਂਡ ਨਾ ਹੋਣ ਕਰ ਕੇ ਮਜਬੂਰਨ ਸਰਵਿਸ ਰੋਡ ਤੇ ਆਪਣੇ ਸਾਥੀਆਂ ਸਮੇਤ ਦੌੜ ਲਗਾਉਂਦੇ ਨੂੰ ਇਕ ਵਾਹਨ ਨੇ ਟੱਕਰ ਮਾਰੀ। ਜਿਸ ਕਰ ਕੇ ਉਸ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇਸ ਮੌਕੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਾਮਲ ਹੋਏ ਪਿੰਡ ਵਾਸੀ ਤੇਜਵਿੰਦਰ ਸਿੰਘ (ਤੇਜੀ) ਮਾਂਗਟ ਪ੍ਰਧਾਨ ਯੂਥ ਦੋਆਬਾ ਜ਼ੋਨ ਮਿਸਲ ਸਤਲੁਜ ਪੰਜਾਬ, ਪ੍ਰਧਾਨ ਸੁਰਿੰਦਰ ਛਿੰਦਾ ਅਤੇ ਪਿੰਡ ਵਾਸੀਆਂ ਨੇ ਆਪ ਸਰਕਾਰ ਦੇ ਹਲਕਾ ਵਿਧਾਇਕ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਕੋਸਿਆ ਜਿਹੜੇ ਕਿ ਸਰਕਾਰ ਵੱਲੋਂ ਪਿੰਡਾਂ ਵਿਚ ਖੇਡ ਗਰਾਊਂਡ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਸਿਹਤ ਬਣਾ ਕੇ ਸੁਨਹਿਰੀ ਭਵਿੱਖ ਬਣਾਉਣ ਦੇ ਦਾਅਵੇ ਕਰਦੇ ਹਨ। ਇਸ ਮੌਕੇ ਹਲਕਾ ਵਿਧਾਇਕ ਇਸ ਬਾਰੇ ਦੱਸੇ ਕਿ ਪਿੰਡ ਰੈਲ ਮਾਜਰਾ ਦੀਆਂ ਤਿੰਨ ਪੰਚਾਇਤਾਂ ਇਕੱਠੀਆਂ ਹਨ ਅਤੇ ਕਿਹੜੀ ਪੰਚਾਇਤ ਨੂੰ ਖੇਡ ਗਰਾਊਂਡ ਦਿੱਤਾ ਹੈ ਅਤੇ ਇਸ ਨੌਜਵਾਨ ਲਵਪ੍ਰੀਤ ਸਿੰਘ ਦੀ ਬੇਵਕਤੀ ਮੌਤ ਦਾ ਜ਼ਿੰਮੇਵਾਰ ਕੌਣ ਹੈ, ਜਿਨ੍ਹਾਂ ਮਾਪਿਆਂ ਦਾ ਨੌਜਵਾਨ ਪੁੱਤਰ ਘਰ ਦੀ ਗ਼ਰੀਬੀ ਦੂਰ ਕਰਨ ਲਈ ਫੌਜ ਦੀ ਨੌਕਰੀ ਦੀ ਤਿਆਰੀ ਕਰਦੇ ਨੇ ਬੇਵਕਤੀ ਚੰਦਰੀ ਮੌਤ ਨੂੰ ਗਲੇ ਲਾ ਲਿਆ। ਮਾਪਿਆਂ ਦਾ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਉਸ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕਰੇ। ਜਿਸ ਨਾਲ ਉਸ ਨੌਜਵਾਨ ਦੇ ਮਾਤਾ-ਪਿਤਾ ਅਤੇ ਬਜ਼ੁਰਗ ਦਾਦਾ-ਦਾਦੀ ਦੀ ਰਹਿੰਦੀ ਜ਼ਿੰਦਗੀ ਦੇ ਦਿਨ ਕੁਝ ਸੌਖੇ ਹੋ ਜਾਣ। ਪਿੰਡ ਵਾਸੀਆਂ ਨੇ ਉਸ ਨੌਜਵਾਨ ਦੇ ਨਾਮ ਤੇ ਤਿੰਨ ਪੰਚਾਇਤਾਂ ਦਾ ਇਕ ਸਾਂਝਾ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਨੌਜਵਾਨ ਬੱਚੇ ਬੱਚੀਆਂ ਨੂੰ ਸੜਕਾਂ ਉੱਤੇ ਆਪਣੀਆਂ ਜਾਨਾਂ ਤੋਂ ਭੰਗ ਦੇ ਭਾੜੇ ਹੱਥ ਨਾ ਧੋਣੇ ਪੈਣ। ਇੱਕ ਪਾਸੇ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਜਿਸ ਕਾਰਨ ਆਏ ਦਿਨ ਨੌਜਵਾਨੀ ਮੌਤ ਦੇ ਮੂੰਹ ਵਿਚ ਜਾ ਰਹੀ ਹੈ, ਦੂਜੇ ਪਾਸੇ ਲਵਪ੍ਰੀਤ ਦੀ ਬੇਵਕਤੀ ਮੌਤ ਨੇ ਮੌਜੂਦਾ ਸਰਕਾਰ ਤੇ ਕਈ ਸਵਾਲੀਆ ਚਿੰਨ ਲਗਾਏ ਹਨ। ਕੁਝ ਬਣਨ ਦੀ ਚਾਹ ਨੇ ਇਸ ਨੌਜਵਾਨ ਨੂੰ ਮੌਤ ਦੇ ਮੂੰਹ ਵਿਚ ਭੇਜ ਦਿੱਤਾ। ਦੂਜੇ ਪਾਸੇ ਸਰਕਾਰਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਢੰਡੋਰਾ ਪਿੱਟ ਰਹੀਆਂ ਹਨ। ਜਿਸ ਦੀ ਸੱਚਾਈ ਇਹ ਹੈ ਕਿ ਨੌਜਵਾਨਾਂ ਲਈ ਖੇਡਾਂ ਸਬੰਧੀ ਕੋਈ ਲੋੜੀਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਲਵਪ੍ਰੀਤ ਦੀ ਮੌਤ ਨੇ ਪਿੰਡ ਵਾਸੀਆਂ ਨੂੰ ਗਹਿਰੀ ਸੋਚ ਵਿਚ ਪਾ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਨਸ਼ਿਆਂ ਤੋਂ ਬਚਾਅ ਕੇ ਚੰਗੇ ਰਸਤੇ ਪਾ ਸਕਣ। ਮੌਜੂਦਾ ਸਰਕਾਰ ਨੂੰ ਇਸ ਗੰਭੀਰ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਕੇ ਨੌਜਵਾਨੀ ਨੂੰ ਬਚਾਉਣ ਲਈ ਪਿੰਡਾਂ ਵਿਚ ਖੇਡ ਸਟੇਡੀਅਮ ਅਤੇ ਜਿਮਾਂ ਵਗੈਰਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।