ਜਿਉਂਦਾ ਹਾਂ, ਇਹ ਸਾਬਤ ਕਰਨ ਲਈ ਵੀ ਲੱਗ ਰਹੇ ਨੇ ਪੈਸੇ ਤੇ ਸਮਾਂ : ਊਧਾ ਰਾਮ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਜਦੋਂ ਸਰਕਾਰੀ ਰਿਕਾਰਡ ਹੀ ਉਸ ਨੂੰ ਮ੍ਰਿਤਕ ਦੱਸ ਰਿਹਾ ਹੈ ਤਾਂ ਉਹ ਆਪਣੀ ਗੱਲ ਕਿਸ ਕੋਲ ਤੇ ਕਿਵੇਂ ਸਾਬਤ ਕਰੇ। ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਕੋਈ ਵੱਡੀ ਮੰਗ ਨਹੀਂ ਕਰ ਰਿਹਾ, ਸਗੋਂ ਸਿਰਫ਼ ਇਹ ਚਾਹੁੰਦਾ ਹੈ ਕਿ ਸਰਕਾਰੀ ਰਿਕਾਰਡ ਵਿਚ ਉਸ ਨੂੰ ਜਿਉਂਦਾ ਦਰਜ ਕੀਤਾ ਜਾਵੇ। ਤਾਂ ਜੋ ਉਹ ਆਪਣੇ ਹੱਕ ਦੀਆਂ ਸਰਕਾਰੀ ਸਹੂਲਤਾਂ ਲੈ ਸਕੇ।
Publish Date: Tue, 11 Aug 2026 07:23 PM (IST)
Updated Date: Wed, 12 Aug 2026 08:34 AM (IST)
- ਸਰਕਾਰੀ ਕਾਗਜ਼ਾਂ ’ਚ ਮਾਰ ਦਿੱਤਾ ਜਿਊਂਦਾ ਵਿਅਕਤੀ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਸਰਕਾਰੀ ਕਾਗਜ਼ਾਂ ’ਚ ਕਿਸੇ ਜਿਊਂਦੇ ਵਿਅਕਤੀ ਨੂੰ ਮ੍ਰਿਤਕ ਦਰਸਾ ਦਿੱਤਾ ਜਾਵੇ ਤਾਂ ਇਸ ਤੋਂ ਵੱਡੀ ਸਰਕਾਰੀ ਲਾਪ੍ਰਵਾਹੀ ਹੋਰ ਕੀ ਹੋ ਸਕਦੀ ਹੈ। ਅਜਿਹਾ ਹੀ ਇਕ ਅਜੀਬੋ-ਗਰੀਬ ਮਾਮਲਾ ਪਿੰਡ ਬਖਲੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੂੰ ਪਿਛਲੇ 4 ਮਹੀਨਿਆਂ ਤੋਂ ਸਰਕਾਰੀ ਰਿਕਾਰਡ ’ਚ ਮਰਿਆ ਹੋਇਆ ਦਰਸਾਇਆ ਜਾ ਰਿਹਾ ਹੈ, ਜਦਕਿ ਉਹ ਵਿਅਕਤੀ ਅੱਜ ਵੀ ਜਿਊਂਦਾ ਹੈ ਅਤੇ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਪੀੜਤ ਊਧਾ ਰਾਮ ਵਾਸੀ ਬਖਲੌਰ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਹ ਇਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ। ਜਿਸਦੀ ਸਿਹਤ ਵੀ ਠੀਕ ਨਾ ਰਹਿਣ ਕਰ ਕੇ ਉਹ ਜਿਸਮਾਨੀ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਇਕ ਲੜਕੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਆਪਣੀ ਨੂੰਹ ਤੇ ਪੋਤਾ-ਪੋਤੀ ਨਾਲ ਰਹਿ ਕੇ ਜ਼ਿੰਦਗੀ ਦਾ ਆਖਰੀ ਪੜਾਅ ਗੁਜ਼ਾਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਲਈ ਸਭ ਤੋਂ ਵੱਡੀ ਮੁਸੀਬਤ ਉਸ ਸਮੇਂ ਖੜ੍ਹੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਸਰਕਾਰੀ ਰਿਕਾਰਡ ’ਚ ਉਸ ਨੂੰ ਮ੍ਰਿਤਕ ਦਰਸਾਇਆ ਜਾ ਰਿਹਾ ਹੈ। ਪੀੜਤ ਨੇ ਦੱਸਿਆ ਕਿ ਅੱਜ-ਕੱਲ੍ਹ ਸਰਕਾਰੀ ਸੇਵਾਵਾਂ ਤੇ ਸਕੀਮਾਂ ਦਾ ਲਾਭ ਲੈਣ ਲਈ ਕੇਵਾਈਸੀ ਅਤੇ ਫਿੰਗਰ ਪ੍ਰਿੰਟ ਦੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਜਦੋਂ ਵੀ ਉਹ ਆਪਣੀ ਕੇਵਾਈਸੀ ਕਰਵਾਉਣ ਜਾਂਦਾ ਹੈ ਤਾਂ ਸਿਸਟਮ ’ਚ ਉਸ ਦੀ ਮੌਤ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਇਸ ਕਾਰਨ ਉਸ ਦੀ ਪਛਾਣ ਤੇ ਸਰਕਾਰੀ ਸੇਵਾਵਾਂ ਨਾਲ ਜੁੜੇ ਕੰਮ ਅੱਗੇ ਨਹੀਂ ਵਧ ਰਹੇ। ਊਧਾ ਰਾਮ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਸ ਨੂੰ ਸਰਕਾਰੀ ਦਫ਼ਤਰਾਂ ਵਿਚ ਜਾ ਕੇ ਇਹ ਸਾਬਤ ਕਰਨਾ ਪਵੇਗਾ ਕਿ ਉਹ ਜਿਉਂਦਾ ਹੈ। ਉਹ ਦੱਸਦਾ ਹੈ ਕਿ ਆਪਣੇ ਕੰਮ ਨੂੰ ਠੀਕ ਕਰਵਾਉਣ ਲਈ ਉਹ ਸਥਾਨਕ ਪੱਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਦਫ਼ਤਰਾਂ ਦੇ ਚੱਕਰ ਲਾ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਇਸ ਕੰਮ ਲਈ ਹੁਣ ਤੱਕ ਉਸ ਦੇ ਹਜ਼ਾਰਾਂ ਰੁਪਏ ਖਰਚ ਹੋ ਚੁੱਕੇ ਹਨ। ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਇਹ ਖਰਚਾ ਉਸ ਲਈ ਹੋਰ ਵੀ ਵੱਡਾ ਬੋਝ ਬਣ ਗਿਆ ਹੈ। ਦਫ਼ਤਰਾਂ ਦੇ ਚੱਕਰਾਂ ਨੇ ਤੋੜ ਦਿੱਤਾ ਹੌਸਲਾ : ਪੀੜਤ ਨੇ ਦੱਸਿਆ ਕਿ ਉਹ ਆਪਣੀ ਸਿਹਤ ਅਤੇ ਪਰਿਵਾਰਕ ਹਾਲਾਤਾਂ ਦੇ ਬਾਵਜੂਦ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਕਦੇ ਕਿਸੇ ਦਫ਼ਤਰ ’ਚ ਦਸਤਾਵੇਜ਼ ਲੈ ਕੇ ਜਾਣਾ ਪੈਂਦਾ ਹੈ ਅਤੇ ਕਦੇ ਕਿਸੇ ਹੋਰ ਵਿਭਾਗ ਕੋਲ ਆਪਣੀ ਪਛਾਣ ਸਾਬਤ ਕਰਨ ਲਈ ਪਹੁੰਚਣਾ ਪੈਂਦਾ ਹੈ। ਇਸ ਦੌੜ ਭੱਜ ਵਿਚ ਉਸ ਦਾ ਸਮਾਂ, ਪੈਸਾ ਤੇ ਸਰੀਰਕ ਤਾਕਤ ਖਰਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਜਦੋਂ ਸਰਕਾਰੀ ਰਿਕਾਰਡ ਹੀ ਉਸ ਨੂੰ ਮ੍ਰਿਤਕ ਦੱਸ ਰਿਹਾ ਹੈ ਤਾਂ ਉਹ ਆਪਣੀ ਗੱਲ ਕਿਸ ਕੋਲ ਤੇ ਕਿਵੇਂ ਸਾਬਤ ਕਰੇ। ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਕੋਈ ਵੱਡੀ ਮੰਗ ਨਹੀਂ ਕਰ ਰਿਹਾ, ਸਗੋਂ ਸਿਰਫ਼ ਇਹ ਚਾਹੁੰਦਾ ਹੈ ਕਿ ਸਰਕਾਰੀ ਰਿਕਾਰਡ ਵਿਚ ਉਸ ਨੂੰ ਜਿਉਂਦਾ ਦਰਜ ਕੀਤਾ ਜਾਵੇ। ਤਾਂ ਜੋ ਉਹ ਆਪਣੇ ਹੱਕ ਦੀਆਂ ਸਰਕਾਰੀ ਸਹੂਲਤਾਂ ਲੈ ਸਕੇ। ਉਸ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਉਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਰਿਕਾਰਡ ਦੀ ਜਾਂਚ ਕਰਵਾਈ ਜਾਵੇ ਤੇ ਜੇਕਰ ਰਿਕਾਰਡ ਵਿਚ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਨਾਲ ਹੀ ਹੁਣ ਤੱਕ ਰੁਕੀਆਂ ਸਰਕਾਰੀ ਸਹੂਲਤਾਂ ਨੂੰ ਵੀ ਬਹਾਲ ਕੀਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।