- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਗਜ਼ਾਂ 'ਚ ਮਾਰ ਦਿੱਤਾ ਜਿਉਂਦਾ ਵਿਅਕਤੀ

- ਸਰਕਾਰੀ ਕਾਗਜ਼ਾਂ ’ਚ ਮਾਰ ਦਿੱਤਾ ਜਿਊਂਦਾ ਵਿਅਕਤੀ
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਸਰਕਾਰੀ ਕਾਗਜ਼ਾਂ ਵਿਚ ਕਿਸੇ ਜਿਊਂਦੇ ਵਿਅਕਤੀ ਨੂੰ ਮ੍ਰਿਤਕ ਦਰਸਾ ਦਿੱਤਾ ਜਾਵੇ ਤਾਂ ਇਸ ਤੋਂ ਵੱਡੀ ਸਰਕਾਰੀ ਲਾਪ੍ਰਵਾਹੀ ਹੋਰ ਕੀ ਹੋ ਸਕਦੀ ਹੈ। ਅਜਿਹਾ ਹੀ ਇੱਕ ਅਜੀਬੋ-ਗਰੀਬ ਪਰ ਬੇਹੱਦ ਤਰਸਯੋਗ ਮਾਮਲਾ ਪਿੰਡ ਬਖਲੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਪਿਛਲੇ 4 ਮਹੀਨੇ ਤੋਂ ਸਰਕਾਰੀ ਰਿਕਾਰਡ ਵਿਚ ਮਰਿਆ ਹੋਇਆ ਦਰਸਾਇਆ ਜਾ ਰਿਹਾ ਹੈ, ਜਦਕਿ ਉਹ ਵਿਅਕਤੀ ਅੱਜ ਵੀ ਜਿਊਂਦਾ ਹੈ ਅਤੇ ਆਪਣੇ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਪੀੜਤ ਵਿਅਕਤੀ ਊਧਾ ਰਾਮ ਵਾਸੀ ਬਖਲੌਰ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਹ ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਹੈ। ਜਿਸਦੀ ਸਿਹਤ ਵੀ ਠੀਕ ਨਾ ਰਹਿਣ ਕਰ ਕੇ ਉਹ ਜਿਸਮਾਨੀ ਤੌਰ ’ਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਇੱਕ ਲੜਕੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੀ ਨੂੰਹ ਅਤੇ ਪੋਤਾ-ਪੋਤੀ ਨਾਲ ਰਹਿ ਕੇ ਜ਼ਿੰਦਗੀ ਦਾ ਆਖਰੀ ਪੜਾਅ ਗੁਜ਼ਾਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਲਈ ਸਭ ਤੋਂ ਵੱਡੀ ਮੁਸੀਬਤ ਉਸ ਸਮੇਂ ਖੜ੍ਹੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਸਰਕਾਰੀ ਰਿਕਾਰਡ ਵਿਚ ਉਸ ਨੂੰ ਮ੍ਰਿਤਕ ਦਰਸਾਇਆ ਜਾ ਰਿਹਾ ਹੈ।
ਪੀੜਤ ਨੇ ਦੱਸਿਆ ਕਿ ਅੱਜ-ਕੱਲ੍ਹ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੈਣ ਲਈ ਕੇਵਾਈਸੀ ਅਤੇ ਫਿੰਗਰ ਪ੍ਰਿੰਟ ਦੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਜਦੋਂ ਵੀ ਉਹ ਆਪਣੀ ਕੇਵਾਈਸੀ ਕਰਵਾਉਣ ਜਾਂਦਾ ਹੈ ਤਾਂ ਸਿਸਟਮ ਵਿਚ ਉਸ ਦੀ ਮੌਤ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਇਸ ਕਾਰਨ ਉਸ ਦੀ ਪਛਾਣ ਅਤੇ ਸਰਕਾਰੀ ਸੇਵਾਵਾਂ ਨਾਲ ਜੁੜੇ ਕੰਮ ਅੱਗੇ ਨਹੀਂ ਵਧ ਰਹੇ।
‘ਜਿਉਂਦਾ ਹਾਂ, ਇਹ ਸਾਬਤ ਕਰਨ ਲਈ ਵੀ ਲੱਗ ਰਹੇ ਨੇ ਪੈਸੇ ਤੇ ਸਮਾਂ’ ਊਧਾ ਰਾਮ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਸ ਨੂੰ ਸਰਕਾਰੀ ਦਫ਼ਤਰਾਂ ਵਿਚ ਜਾ ਕੇ ਇਹ ਸਾਬਤ ਕਰਨਾ ਪਵੇਗਾ ਕਿ ਉਹ ਜਿਉਂਦਾ ਹੈ। ਉਹ ਦੱਸਦਾ ਹੈ ਕਿ ਆਪਣੇ ਕੰਮ ਨੂੰ ਠੀਕ ਕਰਵਾਉਣ ਲਈ ਉਹ ਸਥਾਨਕ ਪੱਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਦਫ਼ਤਰਾਂ ਦੇ ਚੱਕਰ ਲਾ ਚੁੱਕਾ ਹੈ। ਹਰ ਵਾਰ ਉਸ ਨੂੰ ਉਮੀਦ ਹੁੰਦੀ ਹੈ ਕਿ ਹੁਣ ਉਸ ਦਾ ਮਸਲਾ ਹੱਲ ਹੋ ਜਾਵੇਗਾ, ਪਰ ਕਈ ਦਫ਼ਤਰਾਂ ਦੇ ਚੱਕਰ ਕੱਟਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਕੋਈ ਪੱਕੀ ਰਾਹਤ ਨਹੀਂ ਮਿਲੀ। ਉਸ ਦਾ ਕਹਿਣਾ ਹੈ ਕਿ ਇਸ ਕੰਮ ਲਈ ਹੁਣ ਤੱਕ ਉਸ ਦੇ ਹਜ਼ਾਰਾਂ ਰੁਪਏ ਖਰਚ ਹੋ ਚੁੱਕੇ ਹਨ। ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਇਹ ਖਰਚਾ ਉਸ ਲਈ ਹੋਰ ਵੀ ਵੱਡਾ ਬੋਝ ਬਣ ਗਿਆ ਹੈ।
ਦਫ਼ਤਰਾਂ ਦੇ ਚੱਕਰਾਂ ਨੇ ਤੋੜ ਦਿੱਤਾ ਹੌਸਲਾ : ਪੀੜਤ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਆਪਣੀ ਸਿਹਤ ਅਤੇ ਪਰਿਵਾਰਕ ਹਾਲਾਤਾਂ ਦੇ ਬਾਵਜੂਦ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਕਦੇ ਕਿਸੇ ਦਫ਼ਤਰ ਵਿਚ ਦਸਤਾਵੇਜ਼ ਲੈ ਕੇ ਜਾਣਾ ਪੈਂਦਾ ਹੈ ਅਤੇ ਕਦੇ ਕਿਸੇ ਹੋਰ ਵਿਭਾਗ ਕੋਲ ਆਪਣੀ ਪਛਾਣ ਸਾਬਤ ਕਰਨ ਲਈ ਪਹੁੰਚਣਾ ਪੈਂਦਾ ਹੈ। ਇਸ ਦੌੜ ਭੱਜ ਵਿਚ ਉਸ ਦਾ ਸਮਾਂ, ਪੈਸਾ ਅਤੇ ਸਰੀਰਕ ਤਾਕਤ ਖਰਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਜਦੋਂ ਸਰਕਾਰੀ ਰਿਕਾਰਡ ਹੀ ਉਸ ਨੂੰ ਮ੍ਰਿਤਕ ਦੱਸ ਰਿਹਾ ਹੈ ਤਾਂ ਉਹ ਆਪਣੀ ਗੱਲ ਕਿਸ ਕੋਲ ਅਤੇ ਕਿਵੇਂ ਸਾਬਤ ਕਰੇ। ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਕੋਈ ਵੱਡੀ ਮੰਗ ਨਹੀਂ ਕਰ ਰਿਹਾ, ਸਗੋਂ ਸਿਰਫ਼ ਇਹ ਚਾਹੁੰਦਾ ਹੈ ਕਿ ਸਰਕਾਰੀ ਰਿਕਾਰਡ ਵਿਚ ਉਸ ਨੂੰ ਜਿਉਂਦਾ ਦਰਜ ਕੀਤਾ ਜਾਵੇ। ਤਾਂ ਜੋ ਉਹ ਆਪਣੇ ਹੱਕ ਦੀਆਂ ਸਰਕਾਰੀ ਸਹੂਲਤਾਂ ਲੈ ਸਕੇ। ਉਸ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਉਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਰਿਕਾਰਡ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਰਿਕਾਰਡ ਵਿਚ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਨਾਲ ਹੀ ਹੁਣ ਤੱਕ ਰੁਕੀਆਂ ਸਰਕਾਰੀ ਸਹੂਲਤਾਂ ਨੂੰ ਵੀ ਬਹਾਲ ਕੀਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
‘ਮੈਨੂੰ ਮਰਨ ਤੋਂ ਪਹਿਲਾਂ ਕਾਗਜ਼ਾਂ ’ਚ ਤਾਂ ਜਿਊਂਦਾ ਕਰ ਦਿਓ’ ਊਧਾ ਰਾਮ ਦੀ ਇਹ ਕਹਾਣੀ ਸਰਕਾਰੀ ਪ੍ਰਬੰਧ ਵਿਚ ਮੌਜੂਦ ਕਾਗਜ਼ੀ ਗਲਤੀਆਂ ਦਾ ਇੱਕ ਅਜਿਹਾ ਦਰਦਨਾਕ ਪੱਖ ਸਾਹਮਣੇ ਲਿਆਉਂਦੀ ਹੈ, ਜਿੱਥੇ ਇੱਕ ਜਿਉਂਦੇ ਵਿਅਕਤੀ ਨੂੰ ਆਪਣੇ ਹੀ ਅਸਤਿਤਵ ਦੀ ਪਛਾਣ ਲਈ ਦਫ਼ਤਰਾਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਹਨ। ਪੀੜਤ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਸਮੱਸਿਆ ਨੂੰ ਹੋਰ ਲੰਬਾ ਨਾ ਖਿੱਚਿਆ ਜਾਵੇ ਅਤੇ ਕ੍ਰਿਪਾ ਕਰਕੇ ਉਸ ਨੂੰ ਮਰਨ ਤੋਂ ਪਹਿਲਾਂ ਕਾਗਜ਼ਾਂ ਵਿਚ ਜਿਊਂਦਾ ਕਰ ਦਿੱਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਬਹਾਲ ਹੋ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਅਜੀਬੋ-ਗਰੀਬ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਪਿੰਡ ਬਖਲੌਰ ਦੇ ਇਸ ਗ਼ਰੀਬ ਵਿਅਕਤੀ ਨੂੰ ਆਪਣੇ ਹੀ ਜਿਊਂਦੇ ਹੋਣ ਦਾ ਸਬੂਤ ਦੇਣ ਲਈ ਹੋਰ ਕਿੰਨੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ।