ਮਾਨਸਿਕ ਬਿਮਾਰੀ ’ਚ ਸਹੀ ਇਲਾਜ ਨਾਲ ਸੰਭਵ ਹੈ ਸਿਹਤਮੰਦ ਜੀਵਨ : ਸਿਵਲ ਸਰਜਨ ਮਾਨਸਿਕ ਬਿਮਾਰੀ 'ਚ ਸਹੀ ਇਲਾਜ ਨਾਲ ਸੰਭਵ ਹੈ ਸਿਹਤਮੰਦ ਜੀਵਨ-ਸਿਵਲ ਸਰਜਨ
Publish Date: Fri, 09 Oct 2026 05:01 PM (IST)
Updated Date: Fri, 09 Oct 2026 05:02 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸਹਿਰ : ਸਿਵਲ ਸਰਜਨ ਡਾ. ਅਮਨ ਸੂਦ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਲੋਕਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਮਾਨਸਿਕ ਬਿਮਾਰੀਆਂ ਦੇ ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਅਮਨ ਸੂਦ ਨੇ ਕਿਹਾ ਕਿ ਮਾਨਸਿਕ ਸਿਹਤ ਸਮੁੱਚੀ ਸਿਹਤ ਦਾ ਅਹਿਮ ਹਿੱਸਾ ਹੈ ਅਤੇ ਮਾਨਸਿਕ ਬਿਮਾਰੀ ਨੂੰ ਕਮਜ਼ੋਰੀ ਜਾਂ ਸਮਾਜਿਕ ਕਲੰਕ ਸਮਝਣਾ ਬਿਲਕੁੱਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲਗਾ ਕੇ ਮਾਹਿਰ ਤੋਂ ਸਹੀ ਇਲਾਜ ਕਰਵਾਉਣ ਨਾਲ ਵਿਅਕਤੀ ਬਿਹਤਰ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕਦਾ ਹੈ। ਸਿਵਲ ਸਰਜਨ ਡਾ. ਅਮਨ ਸੂਦ, ਜੋ ਖੁਦ ਵੀ ਮਨੋਰੋਗ ਮਾਹਿਰ (ਸਾਈਕੈਟਰਿਸਟ) ਹਨ, ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਮਹੱਤਵ ਦੇਣਾ ਸਮੇਂ ਦੀ ਲੋੜ ਹੈ। ਜਿਵੇਂ ਸਰੀਰਕ ਬਿਮਾਰੀ ਹੋਣ ’ਤੇ ਡਾਕਟਰ ਨਾਲ ਸੰਪਰਕ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਲਗਾਤਾਰ ਉਦਾਸੀ, ਬੇਚੈਨੀ, ਤਣਾਅ ਜਾਂ ਵਿਹਾਰ ਵਿੱਚ ਅਸਾਧਾਰਨ ਤਬਦੀਲੀਆਂ ਆਉਣ ’ਤੇ ਵੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਨਸਿਕ ਸਮੱਸਿਆਵਾਂ ਬਾਰੇ ਗੱਲ ਕਰਨ ਤੋਂ ਝਿਜਕਣਾ ਜਾਂ ਇਲਾਜ ਵਿੱਚ ਦੇਰੀ ਕਰਨਾ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਅਤੇ ਨੌਕਰੀ ਦਾ ਦਬਾਅ, ਪਰਿਵਾਰਕ ਸਮੱਸਿਆਵਾਂ, ਰਿਸ਼ਤਿਆਂ ਵਿੱਚ ਤਣਾਅ, ਆਰਥਿਕ ਚਿੰਤਾਵਾਂ, ਇਕੱਲਾਪਣ ਅਤੇ ਜੀਵਨ ਵਿੱਚ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਮਾਨਸਿਕ ਸਮੱਸਿਆਵਾਂ ਕਿਸੇ ਵੀ ਉਮਰ, ਵਰਗ ਜਾਂ ਪਿਛੋਕੜ ਦੇ ਵਿਅਕਤੀ ਨੂੰ ਹੋ ਸਕਦੀਆਂ ਹਨ। ਇਸ ਲਈ ਪੀੜਤ ਵਿਅਕਤੀ ਨੂੰ ਦੋਸ਼ ਦੇਣ, ਉਸ ਦਾ ਮਜ਼ਾਕ ਉਡਾਉਣ ਜਾਂ ਉਸ ਨੂੰ ਸਮਾਜ ਤੋਂ ਅਲੱਗ ਕਰਨ ਦੀ ਬਜਾਏ ਹਮਦਰਦੀ, ਸਹਿਯੋਗ ਅਤੇ ਸਹੀ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਬਿਮਾਰੀਆਂ ਦਾ ਇਲਾਜ ਬਿਮਾਰੀ ਦੀ ਕਿਸਮ ਅਤੇ ਵਿਅਕਤੀ ਦੀ ਲੋੜ ਅਨੁਸਾਰ ਕੌਂਸਲਿੰਗ, ਮਨੋਚਿਕਿਤਸਾ, ਦਵਾਈਆਂ ਜਾਂ ਇਨ੍ਹਾਂ ਦੇ ਸੁਮੇਲ ਰਾਹੀਂ ਕੀਤਾ ਜਾ ਸਕਦਾ ਹੈ। ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਬੰਦ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਬਿਨਾਂ ਸਲਾਹ ਦਵਾਈ ਲੈਣੀ ਚਾਹੀਦੀ ਹੈ। ਪਰਿਵਾਰਕ ਮੈਂਬਰਾਂ ਨੂੰ ਵੀ ਮਰੀਜ਼ ਦੀ ਗੱਲ ਧੀਰਜ ਨਾਲ ਸੁਣਦਿਆਂ ਉਸ ਨੂੰ ਇਲਾਜ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ਕਰਵਾਈਆਂ ਗਈਆਂ ਸਰਗਰਮੀਆਂ ਦੌਰਾਨ ਸੰਧੂ ਇੰਸਟੀਚਿਊਟ ਆਫ ਨਰਸਿੰਗ, ਨਵਾਂਸ਼ਹਿਰ ਅਤੇ ਗੁਰਸੇਵਾ ਕਾਲਜ ਆਫ ਨਰਸਿੰਗ, ਪਨਾਮ ਦੀਆਂ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ। ਮਕਾਬਲੇ ਵਿੱਚ ਸੰਧੂ ਨਰਸਿੰਗ ਕਾਲਜ ਦੀ ਵਿਦਿਆਰਥਣ ਮੰਨਤ ਨੇ ਪਹਿਲਾ ਸਥਾਨ ਅਤੇ ਸਾਨੀਆ ਨੇ ਤੀਜਾ ਸਥਾਨ ਜਦਕਿ ਗੁਰਸੇਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਜੈਸਮੀਨ ਅਤੇ ਅਵਨੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਿਵਲ ਸਰਜਨ ਡਾ. ਅਮਨ ਸੂਦ ਨੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਨਰਸਿੰਗ ਵਿਦਿਆਰਥਣਾਂ ਵੱਲੋਂ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਰਾਹੀਂ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ, ਮਾਨਸਿਕ ਬਿਮਾਰੀਆਂ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਲੋੜ ਪੈਣ ’ਤੇ ਮਾਹਿਰ ਦੀ ਸਹਾਇਤਾ ਲੈਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਕੁਮਾਰ ਬਸਰਾ, ਡਾ. ਸੰਦੀਪ ਬਾਂਗੜ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ ਤੇ ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।