ਹਰਿਆਲੀ ਤੀਜ 'ਤੇ ਵਿਸ਼ਾਲ ਸਤਿਸੰਗ ਕਰਵਾਇਆ ਹਰਿਆਲੀ ਤੀਜ 'ਤੇ ਵਿਸ਼ਾਲ ਸਤਿਸੰਗ ਅਤੇ ਭਜਨ ਸਮਾਗਮ ਕਰਵਾਇਆ
Publish Date: Mon, 24 Aug 2026 04:02 PM (IST)
Updated Date: Mon, 24 Aug 2026 04:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਹਰਿਆਲੀ ਤੀਜ ਦੇ ਪਵਿੱਤਰ ਮੌਕੇ ਤੇ ਇੱਕ ਵਿਸ਼ਾਲ ਸਤਿਸੰਗ ਤੇ ਭਜਨ ਸਮਾਗਮ ਕਰਵਾਇਆ, ਜਿਸ ਦੌਰਾਨ ਸਾਧਵੀ ਵਿਸ਼ਨੂੰ ਅਰਚਨਾ ਭਾਰਤੀ ਨੇ ਤੀਜ ਪਰਵ ਦੇ ਇਤਿਹਾਸਕ, ਅਧਿਆਤਮਕ ਤੇ ਭਾਵਨਾਤਮਕ ਪਹਿਲੂਆਂ ਤੇ ਡੂੰਘੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਤੀਜ ਕੇਵਲ ਪੀਂਘਾ, ਲੋਕ ਗੀਤਾਂ ਜਾਂ ਬਾਹਰੀ ਸ਼ਿੰਗਾਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਜੀਵਾਤਮਾ ਤੇ ਪ੍ਰਮਾਤਮਾ ਦੇ ਸਦੀਵੀ ਮਿਲਣ ਦਾ ਇੱਕ ਡੂੰਘਾ ਅਧਿਆਤਮਕ ਪ੍ਰਤੀਕ ਹੈ। ਇਤਿਹਾਸਕ ਤੇ ਪੌਰਾਣਿਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਸਾਧਵੀ ਨੇ ਦੱਸਿਆ ਕਿ ਇਹ ਤਿਉਹਾਰ ਮਾਤਾ ਪਾਰਵਤੀ ਦੀ ਉਸ ਕਠੋਰ ਤਪੱਸਿਆ ਦੀ ਯਾਦ ਦਿਵਾਉਂਦਾ ਹੈ, ਜੋ ਉਨ੍ਹਾਂ ਨੇ ਭਗਵਾਨ ਸ਼ਿਵ ਨੂੰ ਆਪਣੇ ਸਦੀਵੀ ਜੀਵਨ ਸਾਥੀ ਵਜੋਂ ਪ੍ਰਾਪਤ ਕਰਨ ਲਈ ਕੀਤੀ ਸੀ। ਸ਼ਿਵ ਪੁਰਾਣ ਦਾ ਇਹ ਪ੍ਰਸੰਗ ਕੇਵਲ ਇੱਕ ਕਥਾ ਨਹੀਂ ਹੈ, ਸਗੋਂ ਇਹ ਮਨੁੱਖੀ ਜੀਵਨ ਦੀ ਉਸ ਪਰਮ ਤਾਂਘ ਨੂੰ ਦਰਸਾਉਂਦਾ ਹੈ ਜਿੱਥੇ ਆਤਮਾ ਅਣਗਿਣਤ ਜਨਮਾਂ ਦੇ ਭਟਕਾਅ ਤੋਂ ਬਾਅਦ ਆਪਣੇ ਮੂਲ ਸਰੋਤ ਭਾਵ ਈਸ਼ਵਰ ਨੂੰ ਮਿਲਣਾ ਚਾਹੁੰਦੀ ਹੈ। ਆਧੁਨਿਕ ਜੀਵਨ ਸ਼ੈਲੀ ਦੇ ਸੰਦਰਭ ਵਿਚ ਇਸ ਤਿਉਹਾਰ ਦੀ ਪ੍ਰਸੰਗਿਕਤਾ ਤੇ ਚਾਨਣਾ ਪਾਉਂਦਿਆਂ ਸਾਧਵੀ ਨੇ ਕਿਹਾ ਕਿ ਅੱਜ ਮਨੁੱਖ ਬਾਹਰੀ ਪ੍ਰਾਪਤੀਆਂ ਤੇ ਲੌਕਿਕ ਰਿਸ਼ਤਿਆਂ ਵਿਚ ਪੂਰਨਤਾ ਲੱਭ ਰਿਹਾ ਹੈ। ਪਰੰਤੂ ਉਮੀਦਾਂ ਦੇ ਟੁੱਟਣ, ਮੁਕਾਬਲੇਬਾਜ਼ੀ, ਤਣਾਅ ਅਤੇ ਇਕੱਲਪਣ ਦੇ ਵੱਧ ਰਹੇ ਮਾਮਲਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੰਸਾਰ ਦੇ ਸਾਰੇ ਰਿਸ਼ਤੇ ਖਿਣਭੰਗੁਰ ਹਨ। ਲੌਕਿਕ ਜੀਵਨ ਵਿਚ ਸੱਚਾ ਤੇ ਕਦੇ ਸਾਥ ਨਾ ਛੱਡਣ ਵਾਲਾ ਸਾਥੀ ਕੇਵਲ ਈਸ਼ਵਰ ਹੀ ਹੋ ਸਕਦਾ ਹੈ, ਜੋ ਹਰ ਸਥਿਤੀ ਵਿਚ ਆਤਮਾ ਦੇ ਨਾਲ ਖੜ੍ਹਾ ਰਹਿੰਦਾ ਹੈ ਪਰ ਈਸ਼ਵਰ ਨੂੰ ਆਪਣਾ ਜੀਵਨ ਸਾਥੀ ਬਣਾਉਣ ਲਈ ਕੇਵਲ ਬੌਧਿਕ ਗਿਆਨ ਜਾਂ ਕਰਮ ਕਾਂਡ ਕਾਫ਼ੀ ਨਹੀਂ ਹਨ। ਇਸ ਦੇ ਲਈ ਬ੍ਰਹਮਗਿਆਨ ਦੀ ਲੋੜ ਹੈ, ਜਿਸ ਨੂੰ ਇੱਕ ਪੂਰਨ ਸਤਿਗੁਰੂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।