ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sat, 19 Sep 2026 03:35 PM (IST)
Updated Date: Sat, 19 Sep 2026 03:38 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬਾਬਾ ਸ੍ਰੀ ਚੰਦ ਜੀ ਉਦਾਸੀਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸ੍ਰੀ ਗੁਰਦੁਆਰਾ ਟਾਹਲੀ ਸਾਹਿਬ ਤੋਂ ਮਨਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ੍ਰੀ ਅਖੰਡ ਪਾਠ ਆਰੰਭ ਕਰਨ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸਜਾਇਆ ਗਿਆ। ਜਿਸ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਰਵਾਨਾ ਹੋਏ ਨਗਰ ਕੀਰਤਨ ਦਾ ਸ਼ਹਿਰ ਵਿਚ ਸੰਗਤਾਂ ਵੱਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਚਾਹ, ਪਕੌੜੇ, ਠੰਢੇ, ਮਠਿਆਈ, ਫਲਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਨੂੰ ਦਰਸ਼ਾਉਂਦੀਆਂ ਸੁੰਦਰ ਝਾਕੀਆਂ ਦੇਖਣਯੋਗ ਸਨ। ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਇਹ ਨਗਰ ਕੀਰਤਨ ਗੜ੍ਹਸ਼ੰਕਰ ਰੋਡ ਤੋਂ ਹੁੰਦੇ ਹੋਏ ਤਾਰਾ ਆਇਸ ਫੈਕਟਰੀ ਰੋਡ, ਕੋਠੀ ਰੋਡ, ਫੱਟੀ ਬਸਤਾ ਚੌਕ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਗੁਰੂ ਰਵਿਦਾਸ ਨਗਰ, ਬੱਕਰ ਖਾਨਾ ਰੋਡ, ਹੀਰਾ ਜੱਟਾਂ ਮੁਹੱਲਾ ਬੰਗਾ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੇ ਨਾਲ ਹੀ ਰਾਗੀ ਜਥੇ ਅਤੇ ਔਰਤਾਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਪੇਸ਼ ਕੀਤਾ। ਕਮੇਟੀ ਮੈਂਬਰ ਦਿਲਵਾਰਾ ਸਿੰਘ ਹੀਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੋ ਰਹੇ ਹਨ। 20 ਸਤੰਬਰ ਐਤਵਾਰ ਨੂੰ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਭਾਈ ਸੁਖਦੇਵ ਸਿੰਘ, ਭਾਈ ਸਤਨਾਮ ਸਿੰਘ, ਬਾਬਾ ਪਲਵਿੰਦਰ ਸਿੰਘ ਕਾਹਲੋਂ, ਭਾਈ ਜਸਦੇਵਾ ਨੰਦ ਆਲਮਗੀਰ ਵਾਲੇ, ਗਿਆਨੀ ਜੰਗ ਸਿੰਘ ਬਾਬਾ ਬਕਾਲਾ ਵਾਲੇ ਬਾਬਾ ਸ੍ਰੀ ਚੰਦ ਜੀ ਦਾ ਗੁਣਗਾਨ ਕਰਨਗੇ। ਇਸ ਮੌਕੇ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ। 23 ਸਤੰਬਰ ਬੁੱਧਵਾਰ ਨੂੰ ਸਾਧੂ ਭੰਡਾਰਾ ਕਰਵਾਇਆ ਜਾਵੇਗਾ। ਇਸ ਮੌਕੇ ਦਰਬਾਰਾ ਸਿੰਘ ਹੀਰ, ਰਾਜਵਿੰਦਰ ਸਿੰਘ ਹੀਰ, ਅਮਰਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਹੀਰ, ਜਸਪਾਲ ਸਿੰਘ ਹੀਰ, ਪਰਮਜੀਤ ਸਿੰਘ ਹੀਰ, ਲਖਵਿੰਦਰ ਸਿੰਘ ਹੀਰ, ਸੁਖਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਸੁਮਨ ਲਾਲ, ਲਲਿਤ ਮੋਹਨ ਪਾਠਕ ਬੱਲੂ, ਕੌਂਸਲਰ ਗਗਨਇੰਦਰ ਕੁਮਾਰ, ਸ਼ਿਵਇੰਦਰ ਕੁਮਾਰ, ਕੌਂਸਲਰ ਡਾ. ਰਾਮ, ਕੌਂਸਲਰ ਪਰਮ ਸਿੰਘ ਖਾਲਸਾ, ਸਤੀਸ਼ ਲਾਲ, ਰਮਨ ਉਮਟ, ਤੇਜਿੰਦਰ ਪਾਲ ਸਿੰਘ, ਲੱਕੀ ਏਰੀ, ਕਮਲਜੀਤ ਲਾਲ, ਵਿਪਨ ਭਾਰਦਵਾਜ, ਸੇਵਾਮੁਕਤ ਡੀਐੱਸਪੀ ਮਹਿੰਦਰ ਸਿੰਘ, ਵਿਨੋਦ ਪਿੰਕਾ, ਚੰਦਰ ਮੋਹਨ ਪਿੰਕੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।