- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ-ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ

- ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਲਾਈਆਂ ਰੌਣਕਾਂ, ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਨਗਰ ਕੀਰਤਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੁੱਚੀ ਸੰਗਤ, ਪ੍ਰਵਾਸੀ ਭਾਰਤੀਆਂ ਅਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਜ਼ਾਰਾ ਨੌ ਆਬਾਦ ਨੇੜੇ ਬੰਗਾ ਵਿਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਬਰਸੀ ਸਮਾਗਮ ਮੌਕੇ 1 ਸਤੰਬਰ ਤੋਂ 9 ਸਤੰਬਰ ਤੱਕ ਸਵੇਰੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਮੇਲੇ ਦੇ ਪਹਿਲੇ ਦਿਨ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਿਆਂ ਸੰਪਨ ਹੋਇਆ। ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਢਾਡੀ ਗੁਰਦੀਪ ਸਿੰਘ ਉੜਾਪੜ, ਢਾਡੀ ਜਥਾ ਦਿਲਜੀਤ ਸਿੰਘ ਮੋਰਾਂਵਾਲੀ, ਬੀਬੀ ਪ੍ਰਦੀਪ ਕੌਰ ਖ਼ਾਲਸਾ, ਪੰਡਿਤ ਸੋਮਨਾਥ ਰੋਡਿਆ ਵਾਲਾ ਕਵੀਸ਼ਰੀ ਜਥਾ ਨੇ ਸ਼ਿਰਕਤ ਕੀਤੀ।
- ਹਜ਼ਾਰਾਂ ਗੱਡੀਆਂ ਰਾਹੀਂ ਸੰਗਤਾਂ ਨੂੰ ਦਿੱਤੀ ਮੁਫ਼ਤ ਸਫਰ ਦੀ ਸਹੂਲਤ
ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਉਣ-ਜਾਣ ਵਾਲੀਆਂ ਸੰਗਤਾਂ ਲਈ ਮੁਫ਼ਤ ਕਾਰਾਂ, ਗੱਡੀਆਂ, ਬੱਸਾਂ ਆਦਿ ਵਾਹਨਾਂ ਨਾਲ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ, ਫਗਵਾੜਾ, ਬਲਾਚੌਰ, ਬੰਗਾ, ਗੜ੍ਹਸ਼ੰਕਰ, ਕੋਟ ਫਤੂਹੀ, ਬਹਿਰਾਮ, ਦੋਸਾਂਝਾ, ਅੱਪਰਾਂ, ਗੁਰਾਇਆ, ਔੜ, ਰਾਹੋਂ, ਮਾਛੀਵਾੜਾ, ਜਾਡਲਾ ਸਮੇਤ ਹੋਰਨਾਂ ਥਾਵਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਮੁਫ਼ਤ ਸਫਰ ਦੀ ਸਹੂਲਤ ਹਜ਼ਾਰਾਂ ਗੱਡੀਆਂ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਾਹਨਾਂ ਵੱਲੋਂ ਸੰਗਤਾਂ ਨੂੰ ਦਰਬਾਰ ਤੱਕ ਲਿਜਾਉਣ ਅਤੇ ਵਾਪਸ ਉਨ੍ਹਾਂ ਦੇ ਪਿੰਡਾਂ ਵਿਚ ਛੱਡਣ ਦੀ ਸੇਵਾ ਵੀ ਮੁਫਤ ਕੀਤੀ ਜਾ ਰਹੀ ਹੈ।
- ਸੰਗਤਾਂ ਲਈ ਲਗਾਏ ਚਾਹ ਪਕੌੜੇ, ਠੰਢੇ ਅਤੇ ਵਰਤਾਏ ਅਤੁੱਟ ਲੰਗਰ
ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਦੌਰਾਨ ਮਜਾਰਾ ਨੌ ਆਬਾਦ ਅਤੇ ਨੇੜਲੇ ਪਿੰਡਾਂ ’ਚ ਦੂਰ-ਦਰਾਜ ਦੇ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਚਾਹ, ਪਕੌੜੇ, ਠੰਢੇ, ਫਲ, ਮਠਿਆਈ ਸਮੇਤ ਗੁਰੂ ਕਾ ਲੰਗਰ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ। ਜਿਸ ਦਾ ਸੰਗਤਾਂ ਵੱਲੋਂ ਭਰਪੂਰ ਲਾਭ ਲਿਆ ਜਾਵੇਗਾ।
- 11 ਸਤੰਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸਜਾਏ ਜਾਣਗੇ ਧਾਰਮਿਕ ਦੀਵਾਨ
ਪ੍ਰਬੰਧਕਾਂ ਨੇ ਦੱਸਿਆ ਕਿ ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ’ਤੇ 10 ਸਤੰਬਰ ਨੂੰ ਪ੍ਰਸਿੱਧ ਰਾਗੀ, ਢਾਡੀ ਅਤੇ ਕਵਿਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ 11 ਸਤੰਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸਜਾਏ ਧਾਰਮਿਕ ਦੀਵਾਨ ਵਿਚ ਗੁਰਬਾਣੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਸੰਗਤਾਂ ਲਈ ਲੰਗਰ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ ਵੀ ਕੀਤੀ।