- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਚੌਰ 'ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਸ਼ਰਧਾਲੂਆਂ ਦਾ ਕੀਤਾ ਨਿੱਘਾ ਸਵਾਗਤ, ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਕੀਤਾ ਗਿਆ ਪ੍ਰਬੰਧ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਅੱਜ ਬਲਾਚੌਰ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਵਾਲਮੀਕਿ ਮੰਦਿਰ ਬਲਾਚੌਰ ਦੀ ਪ੍ਰਬੰਧਕ ਕਮੇਟੀ, ਮੁਹੱਲਾ ਨਿਵਾਸੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ। ਇਹ ਸ਼ੋਭਾ ਯਾਤਰਾ ਮੰਦਿਰ ਸਥਾਨ ਤੋਂ ਆਰੰਭ ਹੋ ਕੇ ਰੋਪੜ ਰੋਡ, ਗੜ੍ਹਸ਼ੰਕਰ ਰੋਡ, ਮੇਨ ਚੌਂਕ ਤੋਂ ਹੁੰਦੀ ਹੋਈ ਭੱਦੀ ਰੋਡ, ਦਾਣਾ ਮੰਡੀ ਤੋਂ ਗਹੂੰਣ ਰੋਡ ਹੁੰਦੀ ਹੋਈ ਵਾਪਸ ਮੰਦਰ ਸਥਾਨ 'ਤੇ ਨਿਰਵਿਘਨ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੇ ਵੱਖ-ਵੱਖ ਸਥਾਨਾਂ ਉੱਪਰ ਪੁੱਜਣ ਤੇ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ, ਉੱਥੇ ਹੀ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਅਤੇ ਫਲ-ਫਰੂਟਾਂ ਦੇ ਅਟੁੱਟ ਲੰਗਰ ਵੀ ਲਗਾਏ। ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸ਼੍ਰੀ ਰਾਮਾਇਣ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕਿ ਜੀ, ਲਵ-ਕੁਸ਼ ਦੇ ਜੀਵਨ ਸੰਬੰਧੀ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ। ਪ੍ਰਬੰਧਕਾਂ ਨੇ ਆਖਿਆ ਕਿ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੁੱਚੀ ਮਨੁੱਖਤਾ ਲਈ ਸ਼ਰਧਾ, ਸਤਿਕਾਰ, ਪ੍ਰੇਮ, ਸਮਾਨਤਾ ਅਤੇ ਸੱਚਾਈ ਦਾ ਸੰਦੇਸ਼ ਲੈ ਕੇ ਆਉਂਦਾ ਹੈ। ਇਹ ਪਵਿੱਤਰ ਦਿਹਾੜਾ ਸਾਨੂੰ ਮਹਾਨ ਰਿਸ਼ੀ, ਆਦਿ ਕਵੀ ਅਤੇ ਰਾਮਾਇਣ ਦੇ ਰਚਨਹਾਰ ਭਗਵਾਨ ਵਾਲਮੀਕਿ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿਖਾਏ ਗਏ ਸੱਚਾਈ ਦੇ ਮਾਰਗ ਨੂੰ ਯਾਦ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਆਪਣੀ ਅਧਿਆਤਮਿਕ ਸ਼ਕਤੀ, ਗਿਆਨ, ਤਪੱਸਿਆ ਅਤੇ ਉੱਚੀ ਸੋਚ ਨਾਲ ਮਨੁੱਖਤਾ ਨੂੰ ਅਜਿਹੀ ਅਨਮੋਲ ਦੇਣ ਦਿੱਤੀ, ਜਿਸ ਦੀ ਮਹੱਤਤਾ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਕਾਇਮ ਹੈ। ਭਗਵਾਨ ਵਾਲਮੀਕਿ ਜੀ ਨੂੰ ਆਦਿ ਕਵੀ ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸੰਸਕ੍ਰਿਤ ਦੇ ਮਹਾਨ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ। ਰਾਮਾਇਣ ਸਿਰਫ਼ ਇੱਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਇਹ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਇੱਕ ਮਹਾਨ ਰਚਨਾ ਹੈ। ਇਸ ਮੌਕੇ ਸ਼੍ਰੀ ਵਾਲਮੀਕਿ ਮੰਦਿਰ ਬਲਾਚੌਰ ਦੀ ਪ੍ਰਬੰਧਕ ਕਮੇਟੀ ਮੈਂਬਰ, ਮੁਹੱਲਾ ਨਿਵਾਸੀ, ਸਮੂਹ ਨਗਰ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ।