ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਲਗਾਇਆ ਕੈਂਪ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਲਗਾਇਆ ਕੈਂਪ
Publish Date: Sun, 18 Oct 2026 05:00 PM (IST)
Updated Date: Sun, 18 Oct 2026 05:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਟਲ ਵਯੋ ਅਭਯੁਦਯ ਯੋਜਨਾ ਤਹਿਤ ਵਿਸ਼ਵਕਰਮਾ ਮੰਦਿਰ ਨਵਾਂਸ਼ਹਿਰ ਵਿਖੇ ਬਿਰਧ ਨਾਗਰਿਕਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ। ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਕੈਂਪ ਦਾ ਨਿਰੀਖਣ ਕਰਦਿਆਂ ਬਿਰਧ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਅਤੇ ਸਬੰਧਤ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਵਿੱਚ ਆਉਣ ਵਾਲੇ ਹਰੇਕ ਬਜ਼ੁਰਗ ਨੂੰ ਸੁਚੱਜੇ ਢੰਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋੜ ਅਨੁਸਾਰ ਇਲਾਜ ਯਕੀਨੀ ਬਣਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਸਮੇਂ ਸਿਰ ਜਾਂਚ ਅਤੇ ਢੁੱਕਵੀਂ ਡਾਕਟਰੀ ਸਲਾਹ ਮਿਲਣਾ ਬੇਹੱਦ ਜ਼ਰੂਰੀ ਹੈ। ਕੈਂਪ ਦੌਰਾਨ ਬਿਰਧ ਨਾਗਰਿਕਾਂ ਦੀ ਆਮ ਸਿਹਤ ਜਾਂਚ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ, ਅੱਖਾਂ ਦੀ ਜਾਂਚ, ਹੱਡੀਆਂ ਅਤੇ ਜੋੜਾਂ ਦੀ ਜਾਂਚ, ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਮੁੱਢਲਾ ਮੁਲਾਂਕਣ ਅਤੇ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਦੀ ਜਾਂਚ ਸਮੇਤ ਹੋਰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਦੇ ਨਾਲ ਹੀ ਲੋੜ ਅਨੁਸਾਰ ਡਾਕਟਰੀ ਸਲਾਹ ਅਤੇ ਅਗਲੇਰੇ ਇਲਾਜ ਲਈ ਮਾਰਗਦਰਸ਼ਨ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਸਿਹਤ ਜਾਂਚ ਕੈਂਪ ਬਜ਼ੁਰਗਾਂ ਨੂੰ ਉਨ੍ਹਾਂ ਦੇ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਅਤੇ ਸੰਭਾਵੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੈਰਾਲੀਗਲ ਵਲੰਟੀਅਰਾਂ ਨੇ ਦਿੱਤੀ ਅਹਿਮ ਜਾਣਕਾਰੀਆਂ : ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਟਲ ਵਯੋ ਅਭਿਊਦਯ ਯੋਜਨਾ ਤਹਿਤ ਸ਼੍ਰੀ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ਸਾਡੇ ਬਜ਼ੁਰਗ ਸਾਡਾ ਮਾਣ ਦੇ ਬੈਨਰ ਹੇਠ ਕੈਂਪ ਲਗਾਇਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਤਿੰਦਰ ਸਿੰਘ ਖੁਰਮੀ ਅਤੇ ਸੀਜੇਐਮ-ਕਮ-ਸਕੱਤਰ ਡਾ. ਅਮਨਦੀਪ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੈਲਪ ਡੈਸਕ ਲਗਾਇਆ। ਪੈਰਾਲੀਗਲ ਵਲੰਟੀਅਰਾਂ ਨੇ ਦੱਸਿਆ ਕਿ ਇਸ ਕੈਂਪ ਚ ਲਗਾਏ ਹੈਲਪ ਡੈਸਕ ਦੇ ਮੌਕੇ ਸੀਨੀਅਰ ਸਿਟੀਜਨ ਨੂੰ ਉਨ੍ਹਾਂ ਦੇ ਅਧਿਕਾਰ ਜਿਵੇਂ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ, 2007 ਇਸ ਕਾਨੂੰਨ ਦੇ ਤਹਿਤ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਜਾਂ ਕਾਨੂੰਨੀ ਵਾਰਸਾਂ ਤੋਂ ਗੁਜ਼ਾਰਾ ਭੱਤਾ ਲੈਣ ਦਾ ਪੂਰਾ ਅਧਿਕਾਰ ਹੈ। ਜੇਕਰ ਬੱਚੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ, ਤਾਂ ਬਜ਼ੁਰਗ ਟ੍ਰਿਬਿਊਨਲ ਵਿੱਚ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੇ ਇਸ ਸ਼ਰਤ ਤੇ ਆਪਣੀ ਜਾਇਦਾਦ ਕਿਸੇ ਵਾਰਸ ਦੇ ਨਾਮ ਕੀਤੀ ਹੈ ਕਿ ਉਹ ਉਸਦੀ ਦੇਖਭਾਲ ਕਰੇਗਾ ਅਤੇ ਵਾਰਸ ਅਜਿਹਾ ਨਹੀਂ ਕਰਦਾ ਤਾਂ ਕਾਨੂੰਨਨ ਉਸ ਟ੍ਰਾਂਸਫਰ ਨੂੰ ਰੱਦ ਕਰਵਾਇਆ ਜਾ ਸਕਦਾ ਹੈ। ਕੋਈ ਵੀ ਸੀਨੀਅਰ ਸਿਟੀਜਨ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਵਕੀਲ ਦੀਆਂ ਕਾਨੂੰਨੀ ਸੇਵਾਵਾਂ ਮੁਫਤ ਲੈ ਸਕਦਾ ਹੈ ਅਤੇ ਐਲਡਰ ਲਾਈਨ 14567 ਤੇ ਬਜ਼ੁਰਗਾਂ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ, ਅਣਦੇਖੀ, ਸ਼ੋਸ਼ਣ ਜਾਂ ਕਾਨੂੰਨੀ ਮਦਦ ਲੈ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿਚ ਬਜ਼ੁਰਗਾਂ ਲਈ ਵੱਖਰੀਆਂ ਲਾਈਨਾਂ ਅਤੇ ਮੁਫ਼ਤ/ਰਿਆਇਤੀ ਇਲਾਜ ਦੀ ਸਹੂਲਤ ਹੁੰਦੀ ਹੈ। ਇਸ ਮੌਕੇ ਸੀਨੀਅਰ ਸਿਟੀਜਨ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦਿੱਤੀਆਂ ਜਾਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪੈਰਾਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਦੇਸਰਾਜ ਬਾਲੀ ਅਤੇ ਹੋਰ ਅਫਸਰਾਨ ਤੇ ਮੁਲਾਜ਼ਮ ਹਾਜ਼ਰ ਸਨ।