ਐੱਸਆਈਆਰ ਮੁਹਿੰਮ ਤਹਿਤ 92.50 ਫ਼ੀਸਦੀ ਵੋਟਰ ਕਵਰ : ਜ਼ਿਲ੍ਹਾ ਚੋਣ ਅਫ਼ਸਰ ਐਸਆਈਆਰ ਮੁਹਿੰਮ ਤਹਿਤ 92.50 ਫੀਸਦੀ ਵੋਟਰ ਕਵਰ-ਜ਼ਿਲ੍ਹਾ ਚੋਣ ਅਫ਼ਸਰ
Publish Date: Thu, 06 Aug 2026 04:44 PM (IST)
Updated Date: Thu, 06 Aug 2026 04:46 PM (IST)
- ਜ਼ਿਲ੍ਹੇ ’ਚ 3 ਹੋਰ ਪੋਲਿੰਗ ਸਟੇਸ਼ਨ ਬਣੇ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਦਾ ਪਹਿਲਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ, ਜਿਸ ਦੌਰਾਨ ਘਰ-ਘਰ ਜਾ ਕੇ ਕੀਤੀ ਗਈ ਗਿਣਤੀ ਦੀ ਪ੍ਰਕਿਰਿਆ ਵਿਚ ਜ਼ਿਲ੍ਹੇ ਦੇ 92.50 ਫ਼ੀਸਦੀ ਵੋਟਰਾਂ ਨੂੰ ਕਵਰ ਕੀਤਾ ਗਿਆ ਹੈ।।ਜ਼ਿਲ੍ਹੇ ਨੇ ਕੁੱਲ 4,82,925 ਰਜਿਸਟਰਡ ਵੋਟਰਾਂ ਵਿਚੋਂ 4,46,702 ਵੋਟਰਾਂ ਦੇ ਫਾਰਮ ਡਿਜੀਟਲ ਕਰ ਲਏ ਹਨ, ਜੋ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚਲਾਈ ਜਾ ਰਹੀ ਵੋਟਰ ਸੂਚੀ ਸੁਧਾਈ ਮੁਹਿੰਮ ਵਿਚ ਇੱਕ ਅਹਿਮ ਪੜਾਅ ਹੈ। ਇਸ ਸੰਬੰਧੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਘਰ-ਘਰ ਜਾ ਕੇ ਗਿਣਤੀ ਕਰਨ ਦਾ ਪੜਾਅ 3 ਅਗਸਤ ਨੂੰ ਪੂਰਾ ਹੋ ਗਿਆ ਸੀ ਅਤੇ ਜ਼ਿਲ੍ਹੇ ਦੇ ਚੋਣ ਅਮਲੇ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਪਹਿਲੇ ਪੜਾਅ ਦੀ ਸਫਲ ਸਮਾਪਤੀ ਸਾਡੇ ਸਮੁੱਚੇ ਚੋਣ ਅਮਲੇ ਦੇ ਸਮਰਪਿਤ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਜਨਤਾ ਵੱਲੋਂ ਦਿੱਤਾ ਗਿਆ ਸਹਿਯੋਗ ਵੀ ਬਹੁਤ ਅਹਿਮ ਰਿਹਾ ਹੈ। ਉਨ੍ਹਾਂ ਦੱਸਿਆ ਕਿ 36,223 ਵੋਟਰਾਂ ਦੇ ਗਿਣਤੀ ਫਾਰਮ ਪ੍ਰਾਪਤ ਨਹੀਂ ਹੋਏ ਹਨ।ਜਿਸ ਵਿਚ 7338 ਵੋਟਰਾਂ ਦੀ ਮੌਤ, 20342 ਪੱਕੇ ਤੌਰ ਤੇ ਦੂਜੀਆਂ ਥਾਵਾਂ ਤੇ ਤਬਦੀਲ, 6779 ਗੈਰ-ਹਾਜਰ ਵੋਟਰ ਸਨ, ਇਨ੍ਹਾਂ ਵਿਚੋਂ ਬਹੁਤੇ ਮਾਮਲੇ ਉਨ੍ਹਾਂ ਵੋਟਰਾਂ ਨਾਲ ਸੰਬੰਧਤ ਹਨ ਜੋ ਹੁਣ ਆਪਣੇ ਰਜਿਸਟਰਡ ਪਤਿਆਂ ਤੇ ਮੌਜੂਦ ਨਹੀਂ ਹਨ। ਬਾਕੀ ਰਹਿੰਦੇ ਮਾਮਲਿਆਂ ਨੂੰ ਪ੍ਰਕਿਰਿਆ ਦੇ ਅਗਲੇ ਪੜਾਵਾਂ ਦੌਰਾਨ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਹੁਣ ਆਪਣਾ ਧਿਆਨ 13 ਅਗਸਤ, 2026 ਨੂੰ ਵੋਟਰ ਸੂਚੀ ਦੇ ਖਰੜੇ (ਡਰਾਫਟ) ਨੂੰ ਪ੍ਰਕਾਸ਼ਿਤ ਕਰਨ ਵੱਲ ਕੇਂਦਰਿਤ ਕੀਤਾ ਹੈ। ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਬੂਥ ਪੱਧਰੀ ਅਧਿਕਾਰੀਆਂ ਕੋਲ ਵੀ ਉਪਲਬਧ ਹੋਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਵੋਟਰਾਂ ਦੇ ਨਾਮ ਖਰੜਾ ਸੂਚੀ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਕੋਲ ਅਜੇ ਵੀ ਆਪਣੇ ਨਾਮ ਸ਼ਾਮਿਲ ਕਰਵਾਉਣ ਦਾ ਮੌਕਾ ਹੋਵੇਗਾ।। ਕੋਈ ਵੀ ਯੋਗ ਵੋਟਰ ਜਿਸਦਾ ਨਾਮ ਖਰੜਾ ਵੋਟਰ ਸੂਚੀ ਵਿਚ ਨਹੀਂ ਹੈ, ਉਸਨੂੰ ਘਬਰਾਉਣ ਦੀ ਲੋੜ ਨਹੀਂ ਹੈ।।ਦਾਅਵੇ ਪੇਸ਼ ਕਰਨ ਦੀ ਪ੍ਰਕਿਰਿਆ 13 ਅਗਸਤ ਤੋਂ 12 ਸਤੰਬਰ ਤੱਕ, ਯਾਨੀ 30 ਦਿਨਾਂ ਲਈ ਖੁੱਲ੍ਹੀ ਰਹੇਗੀ । ਯੋਗ ਵਿਅਕਤੀ ਇਸ ਮਿਆਦ ਦੌਰਾਨ ਸੰਬੰਧਤ ਈਆਰਓ ਜਾਂ ਬੂਥ ਪੱਧਰੀ ਅਧਿਕਾਰੀ ਕੋਲ ਫਾਰਮ 6 ਜਮ੍ਹਾਂ ਕਰਵਾ ਸਕਦੇ ਹਨ। ਅਗਲੇ ਪੜਾਅ ਵਿਚ ਜ਼ਿਲ੍ਹੇ ਵਿਚ ਪਛਾਣੇ ਗਏ 19,383 ਗੈਰ-ਮੈਪ ਕੀਤੇ ਵੋਟਰ ਹੋਣਗੇ। ਇਨ੍ਹਾਂ 19,383 ਗੈਰ-ਮੈਪ ਕੀਤੇ ਵੋਟਰਾਂ ਨੂੰ ਨੋਟਿਸ ਭੇਜੇ ਜਾਣਗੇ ਅਤੇ ਨੋਟਿਸ 13 ਅਗਸਤ ਤੋਂ ਇਨ੍ਹਾਂ ਵੋਟਰਾਂ ਨੂੰ ਜਾਰੀ ਕਰਨਾ ਸ਼ੁਰੂ ਕੀਤਾ ਜਾਵੇਗਾ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਨਿਰਧਾਰਤ 12 ਦਸਤਾਵੇਜ਼ਾਂ ਵਿਚੋਂ ਕੋਈ ਵੀ ਇੱਕ ਦਸਤਾਵੇਜ਼ ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਵਿਦਿਅਕ ਯੋਗਤਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਆਪਣਾ ਜਵਾਬ ਦੇ ਸਕਣਗੇ। ਦਸਤਾਵੇਜ਼ਾਂ ਦੀ ਜਾਂਚ ਕਰਨ ਅਤੇ ਸੰਬੰਧਤ ਵੋਟਰਾਂ ਦਾ ਪੱਖ ਸੁਣਨ ਤੋਂ ਬਾਅਦ, ਈਆਰਓ ਢੁਕਵੇਂ ਹੁਕਮ ਜਾਰੀ ਕਰਨਗੇ। ਹਰੇਕ ਯੋਗ ਵੋਟਰ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਅਸਲ ਵੋਟਰ, ਵੋਟਰ ਸੂਚੀ ਵਿਚੋਂ ਬਾਹਰ ਨਾ ਰਹਿ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਾਫਟ ਸੂਚੀ ਦੇ ਪ੍ਰਕਾਸ਼ਿਤ ਹੋਣ ਤੇ ਉਸ ਦੀ ਧਿਆਨ ਨਾਲ ਜਾਂਚ ਕਰਨ ਅਤੇ ਜੇਕਰ ਉਨ੍ਹਾਂ ਦੇ ਨਾਮ ਸੂਚੀ ਵਿਚ ਨਹੀਂ ਹਨ ਜਾਂ ਕੋਈ ਸੁਧਾਰ ਲੋੜੀਂਦਾ ਹੈ, ਤਾਂ ਤੁਰੰਤ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 12 ਅਕਤੂਬਰ ਨੂੰ ਵੋਟਰ ਸੂਚੀ ਦੇ ਅੰਤਿਮ ਪ੍ਰਕਾਸ਼ਨ ਨਾਲ ਸਮਾਪਤ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐਸਆਈਆਰ ਮੁਹਿੰਮ ਦੇ ਨਾਲ-ਨਾਲ, ਪੋਲਿੰਗ ਸਟੇਸ਼ਨਾਂ ਦੇ ਤਰਕ ਸੰਗਤੀਕਰਨ ਦੇ ਨਤੀਜੇ ਵਜੋਂ ਜ਼ਿਲ੍ਹੇ ਭਰ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਪੋਲਿੰਗ ਸਟੇਸ਼ਨਾਂ ਦੀ ਗਿਣਤੀ 615 ਤੋਂ ਵੱਧ ਕੇ 618 ਹੋ ਗਈ ਹੈ, ਜਿਸ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਤਿੰਨ ਨਵੇਂ ਪੋਲਿੰਗ ਸਟੇਸ਼ਨ ਸ਼ਾਮਲ ਕੀਤੇ ਗਏ ਹਨ।।ਵਿਸਤ੍ਰਿਤ ਪੋਲਿੰਗ ਢਾਂਚੇ ਨਾਲ ਭਵਿੱਖ ਦੀਆਂ ਚੋਣ ਪ੍ਰਕਿਰਿਆਵਾਂ ਦੌਰਾਨ ਵੋਟਰਾਂ ਲਈ ਪਹੁੰਚ ਨੂੰ ਹੋਰ ਸੁਖਾਲਾ ਬਣਾਉਣ ਦੀ ਉਮੀਦ ਹੈ।।ਜ਼ਿਲ੍ਹਾ ਚੋਣ ਅਧਿਕਾਰੀ ਨੇ ਗਿਣਤੀ-ਮਿਣਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕਰਨ ਵਾਲੀਆਂ ਟੀਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ 615 ਬੀਐਲਓ, 62 ਸੁਪਰਵਾਈਜ਼ਰ, 06 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ 3 ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਤੇ ਹੋਰ ਚੋਣ ਅਧਿਕਾਰੀ ਅਤੇ ਫੀਲਡ ਸਟਾਫ ਜਮੀਨੀ ਪੱਧਰ ਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ 92.50 ਫ਼ੀਸਦੀ ਕਵਰੇਜ ਦੀ ਪ੍ਰਾਪਤੀ ਸਾਡੀਆਂ ਫੀਲਡ ਪੱਧਰੀ ਚੋਣ ਟੀਮਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਸੀਂ ਸਾਰੇ ਭਾਈਵਾਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਐਸਆਈਆਰ ਦੇ ਬਾਕੀ ਪੜਾਵਾਂ ਦੌਰਾਨ ਵੀ ਅਜਿਹਾ ਹੀ ਸਹਿਯੋਗ ਦੇਣ।