48ਵਾਂ ਨਿਰੋਲ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ 48ਵਾਂ ਨਿਰੋਲ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ
Publish Date: Wed, 18 Nov 2026 04:08 PM (IST)
Updated Date: Wed, 18 Nov 2026 04:09 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ਼੍ਰੀ ਸ੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ (ਕਾਸ਼ੀ ਵਾਲੇ) ਮਹਾਰਾਜ ਭੂਰੀ ਵਾਲਿਆਂ ਦੀ ਸਰਪਰਸਤੀ ਹੇਠ ਲੋਕ ਭਲਾਈ ਦੇ ਉਦੇਸ਼ ਨਾਲ 48ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ੍ਰੀ ਕਾਂਸ਼ੀ ਪੁਰੀ ਝਾਂਡੀਆਂ ਸਾਹਿਬ ਧਾਮ ਵਿਖੇ ਲਗਾਇਆ। ਜਿਸ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ 262 ਮਰੀਜ਼ਾਂ ਦੀ ਜਾਂਚ ਕੀਤੀ। ਜਦਕਿ 148 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 177 ਮਰੀਜ਼ਾਂ ਦੇ ਬੀਪੀ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ ਅਤੇ 40 ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਵਾਸਤੇ ਸਿਲੈਕਸ਼ਨ ਕੀਤੀ ਗਈ। ਸੰਸਥਾ ਵੱਲੋਂ ਅੱਖਾਂ ਦੇ ਇਲਾਜ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਆਪ੍ਰੇਸ਼ਨ ਥੀਏਟਰ ਵੀ ਤਿਆਰ ਕੀਤਾ। ਜਿਸ ਵਿਚ ਮਾਈਕ੍ਰੋਸਕੋਪ, ਫੈਕੋ ਮਸ਼ੀਨ, ਕੈਰੇਟੋਮੀਟਰ, ਰਿਫਰੈਕਸ਼ਨ ਯੂਨਿਟ ਅਤੇ ਅੱਖਾਂ ਦੀ ਸਕੈਨਿੰਗ ਸਮੇਤ ਹੋਰ ਆਧੁਨਿਕ ਮਸ਼ੀਨਾਂ ਦੀ ਸਹੂਲਤ ਮੌਜੂਦ ਹੈ। ਸੰਸਥਾ ਅਨੁਸਾਰ ਮਰੀਜ਼ਾਂ ਦੇ ਰਹਿਣ, ਖਾਣ-ਪੀਣ ਅਤੇ ਦੇਖ-ਭਾਲ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਅਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਸੰਸਥਾ ਵੱਲੋਂ ਹੁਣ ਤੱਕ ਲਗਾਏ ਗਏ 48 ਕੈਂਪਾਂ ਵਿਚ 22,057 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 12,462 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ, 6,359 ਮਰੀਜ਼ਾਂ ਦਾ ਬੀਪੀ ਅਤੇ ਸ਼ੂਗਰ ਚੈੱਕ ਅੱਪ ਅਤੇ 3,257 ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਜਾ ਚੁੱਕੇ ਹਨ। ਸਿਹਤ ਸੇਵਾਵਾਂ ਤੋਂ ਇਲਾਵਾ ਸੰਸਥਾ ਵੱਲੋਂ ਸਮਾਜ ਭਲਾਈ ਦੇ ਹੋਰ ਕਾਰਜ ਵੀ ਕੀਤੇ ਜਾ ਰਹੇ ਹਨ। ਪਿਛਲੇ 11 ਸਾਲਾਂ ਤੋਂ ਪੀਜੀਆਈ ਚੰਡੀਗੜ੍ਹ ਲਈ ਦੇਸੀ ਘਿਓ ਨਾਲ ਤਿਆਰ ਮੁਫ਼ਤ ਲੰਗਰ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੇ 8 ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਸਥਿਤ ਸ੍ਰੀ ਲਾਲਪੁਰੀ ਵਿਸ਼ਨੂੰ ਬੀਟਣ ਧਾਮ ਤੋਂ ਪੀਜੀਆਈ ਚੰਡੀਗੜ੍ਹ ਲਈ ਮਰੀਜ਼ਾਂ ਨੂੰ ਲਿਜਾਣ ਅਤੇ ਵਾਪਸ ਛੱਡਣ ਵਾਸਤੇ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ। ਇਹ ਬੱਸ ਸਵੇਰੇ ਸਾਢੇ ਤਿੰਨ ਵਜੇ ਚੱਲਦੀ ਹੈ ਅਤੇ ਵੱਖ-ਵੱਖ ਪਿੰਡਾਂ ਰਾਹੀਂ ਮਰੀਜ਼ਾਂ ਨੂੰ ਲੈ ਕੇ ਸਵੇਰੇ ਸੱਤ ਵਜੇ ਪੀਜੀਆਈ ਚੰਡੀਗੜ੍ਹ ਪਹੁੰਚਦੀ ਹੈ।।ਇਸ ਤੋਂ ਇਲਾਵਾ ਬੇਜ਼ੁਬਾਨੇ ਪਸ਼ੂ-ਪੰਛੀਆਂ ਲਈ ਪਾਣੀ ਦੇ ਪ੍ਰਬੰਧ, ਗਊਸ਼ਾਲਾਵਾਂ ਨੂੰ ਹਰ ਸਾਲ ਹਜ਼ਾਰਾਂ ਕੁਇੰਟਲ ਤੂੜੀ ਦੀ ਮੁਫ਼ਤ ਸੇਵਾ ਅਤੇ ਲੜਕੀਆਂ ਦੀ ਸਿੱਖਿਆ ਲਈ 15 ਵਿਦਿਅਕ ਸੰਸਥਾਵਾਂ ਰਾਹੀਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਸਾਰਾ ਕੁਝ ਸ਼੍ਰੀ ਸ਼੍ਰੀ 1008 ਸ੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਅਤਿ ਸਤਿਕਾਰਯੋਗ ਪਰਮ ਪੂਜਨੀਕ, ਬ੍ਰਹਮਨਿਸ਼ਠ, ਬ੍ਰਹਮ ਗਿਆਨੀ ਗੁਰੂਆਂ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ, ਸ੍ਰੀ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲੇ (ਰਕਬੇ ਵਾਲੇ) ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ (ਗਊਆਂ ਵਾਲੇ), ਵਰਤਮਾਨ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ (ਕਾਸ਼ੀ ਵਾਲੇ) ਮਹਾਰਾਜ ਭੂਰੀਵਾਲੇ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਕਿਰਪਾ ਸਦਕਾ ਸਮਾਜਿਕ ਸੇਵਾ ਹਿੱਤ ਕਾਰਜ ਨਿਰੰਤਰ ਜਾਰੀ ਹਨ।