ਔਰਤ ਤੋਂ ਸੋਨੇ ਦੇ ਗਹਿਣੇ ਲੁੱਟਣ ਵਾਲੇ 3 ਕਾਬੂ, ਚੌਥਾ ਫਰਾਰ
ਮਹਿਲਾ ਤੋਂ ਸੋਨੇ ਦੇ ਗਹਿਣੇ ਲੁੱਟਣ ਵਾਲੇ 3 ਨੌਜਵਾਨ ਕਾਬੂ, ਚੌਥਾ ਫਰਾਰ
Publish Date: Sun, 18 Jan 2026 06:14 PM (IST)
Updated Date: Mon, 19 Jan 2026 04:12 AM (IST)

ਵਾਰਦਾਤ ’ਚ ਵਰਤਿਆ ਮੋਟਰਸਾਈਕਲ ਤੇ ਖੋਹ ਕੀਤੇ ਸੋਨੇ ਦੇ ਗਹਿਣੇ ਬਰਾਮਦ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੁਲਿਸ ਥਾਣਾ ਸਦਰ ਬਲਾਚੌਰ ਦੇ ਐੱਸਐੱਚਓ ਬਿਕਰਮ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਤੇ ਡੀਐੱਸਪੀ ਬਲਾਚੌਰ ਹੇਮੰਤ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਜਦਕਿ ਚੌਥਾ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਐੱਸਐੱਚਓ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਇਕ ਔਰਤ ਪਾਸੋਂ ਗਹਿਣੇ ਖੋਹਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸਐੱਚਓ ਨੇ ਦੱਸਿਆ ਕਿ ਮਹਿੰਦਰ ਲਾਲ ਪੁੱਤਰ ਆਸਾ ਰਾਮ ਵਾਸੀ ਪਿੰਡ ਸੰਡਰੇਵਾਲ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੀ ਨੂੰਹ ਡਿੰਪਲ ਪਾਸੋਂ ਜ਼ੋਰ-ਜ਼ਬਰਦਸਤੀ ਨਾਲ ਅਣਪਛਾਤੇ ਨੌਜਵਾਨਾਂ ਨੇ ਸੋਨੇ ਦੀ ਚੇਨ ਸਮੇਤ ਸਿੰਗੀ ਤੇ ਸੋਨੇ ਦੀ ਅੰਗੂਠੀ ਖੋਹ ਲਈ ਸੀ। ਏਐੱਸਆਈ ਧਰਮ ਚੰਦ ਨੇ ਇਸ ਸਬੰਧੀ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਵੱਲੋਂ ਇਸ ਵਾਰਦਾਤ ’ਚ ਸ਼ਾਮਲ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੋਨੂੰ ਪੁੱਤਰ ਅਸ਼ੋਕ ਕੁਮਾਰ, ਕਮਲ ਕੁਮਾਰ ਪੁੱਤਰ ਅਸ਼ੋਕ ਕੁਮਾਰ, ਰੂਪ ਚੰਦ ਪੁੱਤਰ ਕ੍ਰਿਸ਼ਨ ਇਹ ਸਾਰੇ ਵਾਸੀ ਮੇਹਿਨਾ, ਥਾਣਾ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਚੌਥਾ ਸਾਥੀ ਸੁਭਾਸ਼ ਪੁੱਤਰ ਰੋਮੀ ਅਜੇ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਖੋਹੀ ਗਈ ਸੋਨੇ ਦੀ ਚੇਨ ਸਮੇਤ ਸਿੰਗੀ ਤੇ ਸੋਨੇ ਦੀ ਅੰਗੂਠੀ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮਾਣਯੋਗ ਅਦਾਲਤ ਵੱਲੋਂ ਕਥਿਤ ਮੁਲਜ਼ਮਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਤਾਂ ਜੋ ਹੋਰ ਪੁੱਛਗਿੱਛ ਕਰ ਕੇ ਅਹਿਮ ਖੁਲਾਸੇ ਹੋ ਸਕਣਗੇ।