ਨਵਾਂਸ਼ਹਿਰ 'ਚ 4.96 ਕਰੋੜ ਦੇ ਲਾਗਤ ਨਾਲ ਵਿਕਾਸ ਕਾਰਜਾਂ ਦੇ 20 ਮਤੇ ਪਾਸ ਨਵਾਂਸ਼ਹਿਰ 'ਚ 4.96 ਕਰੋੜ ਦੇ ਲਾਗਤ ਨਾਲ ਵਿਕਾਸ ਕਾਰਜਾਂ ਦੇ 20 ਮਤੇ ਪਾਸ
Publish Date: Wed, 28 Oct 2026 05:14 PM (IST)
Updated Date: Wed, 28 Oct 2026 05:16 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੀ ਪਲੇਠੀ ਮੀਟਿੰਗ ਪ੍ਰਧਾਨ ਸੁਮਨ ਲਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਸੀਨੀਅਰ ਵਾਈਸ ਪ੍ਰਧਾਨ ਰਮਨ ਕੁਮਾਰ ਅਤੇ ਵਾਈਸ ਪ੍ਰਧਾਨ ਦਵਿੰਦਰ ਕੁਮਾਰ ਸਮੇਤ ਸਾਰੇ ਕੌਂਸਲਰ, ਕਾਰਜ ਸਾਧਕ ਅਫ਼ਸਰ ਮਨੀਸ਼ ਗਰਗ ਸਮੇਤ ਹੋਰ ਅਫ਼ਸਰ ਤੇ ਮਲਾਜ਼ਮ ਹਾਜ਼ਰ ਸਨ। ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਅਧੀਨ ਕਰਵਾਏ ਜਾਣ ਵਾਲੇ 4.96 ਕਰੋੜ ਦੇ ਵਿਕਾਸ ਕਾਰਜਾਂ ਨੂੰ ਮੰਜੂਰੀ ਦਿੱਤੀ ਗਈ। ਇਸ ਮੀਟਿੰਗ ਵਿਚ 20 ਮਤੇ ਪੇਸ਼ ਕੀਤੇ ਗਏ। ਜੋ ਕਿ ਪਾਸ ਕਰ ਦਿੱਤੇ ਗਏ। ਇਸ ਮੀਟਿੰਗ ਵਿਚ ਸਮੂਹ ਕੌਂਸਲਰਾਂ ਨੇ ਆਪਣੇ ਵਾਰਡਾਂ ਵਿਚ ਰਹਿੰਦੇ ਵਿਕਾਸ ਕਾਰਜਾਂ ਅਤੇ ਹੋਰਨਾਂ ਸਮਸਿਆਵਾਂ ਦੇ ਹੱਲ ਬਾਰੇ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿਚ ਮੁਲਾਜ਼ਮਾਂ, ਆਉਟ ਸੋਰਸ ਮੁਲਾਜ਼ਮਾਂ, ਵਾਰਡਾਂ ਦੇ ਰਹਿੰਦੇ ਵਿਕਾਸ ਕਾਰਜਾਂ ਸਮੇਤ ਹੋਰਨਾਂ ਮੁਦਿਆਂ ਤੇ ਵੀ ਕੌਂਸਲਰਾਂ ਨੇ ਆਪਣੇ ਮੁੱਦੇ ਵਿਧਾਇਕ ਨਛੱਤਰ ਪਾਲ, ਪ੍ਰਧਾਨ ਸੁਮਨ ਲਾਲ ਅੱਗੇ ਪੇਸ਼ ਕੀਤੇ। ਇਸ ਮੌਕੇ ਕੌਂਸਲਰ ਬਲਵਿੰਦਰ ਕੁਮਾਰ ਨੇ ਗੁਰੂ ਤੇਗ ਬਹਾਦਰ ਪਾਰਕ ਵਿਚ ਫੁੱਟਪਾਥ ਬਣਾਉਣ ਦਾ ਮੁੱਦਾ, ਪਾਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਫੁੱਟਪਾਥ ਦੀ ਮੰਗ ਵੀ ਕੀਤੀ। ਉੁਨ੍ਹਾਂ ਨਗਰ ਕੌਂਸਲ ਤੋਂ ਇਸ ਕੰਮ ਨੂੰ ਜਲਦੀ ਪੂਰਾ ਕਰਨ ਦੀ ਮੰਗ ਵੀ ਕੀਤੀ। ਕੌਂਸਲਰ ਜਸਕਰਨ ਜੈਜੀ ਨੇ ਵਾਰਡ ਦੀਆਂ ਸੜਕਾਂ ਦੀ ਮੁਰੰਮਤ ਦਾ ਮੁੱਦਾ ਉਠਾਉਂਦੇ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਕਾਰਨ ਬਣ ਰਹੀਆਂ ਹਨ। ਵਾਰਡ ਦੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਕੌਂਸਲਰ ਪਰਮ ਖਾਲਸਾ ਨੇ ਸਲੋਹ ਰੋਡ, ਕੁਲਾਮ ਰੋਡ ਅਤੇ ਹੀਰਾ ਜੱਟਾਂ ਮੁਹੱਲਾ ਦੀਆਂ ਸੜਕਾਂ ਦੀ ਉਸਾਰੀ ਕਰਵਾਉਣ ਦੀ ਮੰਗ ਕੀਤੀ। ਕੌਂਸਲਰ ਮਹਿੰਦਰਪਾਲ ਕੌਰ ਨੇ ਵਾਰਡ ਵਿਚ ਸਫਾਈ ਵਿਵਸਥਾ ਦਰੁਸਤ ਕਰਕੇ ਲੋਕਾਂ ਨੂੰ ਗੰਦਗੀ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਵਾਰਡ ਵਿਚ ਨਿਯਮਤ ਸਫਾਈ ਦੀ ਮੰਗ ਵੀ ਕੀਤੀ। ਕੌਂਸਲਰ ਸ਼ਿਵ ਰਾਮ ਨੇ ਕੁਲਾਮ ਰੋਡ ਦੀਆਂ ਗਲੀਆਂ ਚ ਸੀਵਰੇਜ ਅਤੇ ਪਾਣੀ ਦੀ ਸਪਲਾਈ ਕਰਕੇ ਨਵੀਨੀਕਰਨ ਕਰਨ ਦੀ ਮੰਗ ਕੀਤੀ ਕਿਉਂਕਿ ਇਲਾਕੇ ਵਿਚ ਵੱਧ ਰਹੀ ਆਬਾਦੀ ਹੈ ਅਤੇ ਸੀਵਰੇਜ ਅਤੇ ਪਾਣੀ ਦੀ ਸਪਲਾਈ ਅਜੇ ਤੱਕ ਨਹੀਂ ਲਗੀ ਹੈ। ਕੌਂਸਲਰ ਸੁਮਿਤ ਪਰਿਹਾਰ ਨੇ ਦੱਸਿਆ ਕਿ ਪਿਛਲੀ 2025 ਦੀ ਮੀਟਿੰਗ ਵਿਚ ਪ੍ਰਸਤਾਵਿਤ ਲਗਭਗ 7-8 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ 4.5 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਸ਼ਾਮਲ ਕੀਤੇ ਹਨ। ਉਨ੍ਹਾਂ ਪੁੱਛਿਆ ਕਿ ਪੁਰਾਣੇ ਪ੍ਰੋਜੈਕਟ ਪਹਿਲਾਂ ਮੁਰੰਮਤ ਕੀਤੇ ਜਾਣਗੇ, ਜਾਂ ਨਵੇਂ ਬਣਾਏ ਜਾਣਗੇ। ਕੌਂਸਲਰ ਕੁਲਵੰਤ ਕੌਰ ਨੇ ਕਿਹਾ ਕਿ 1 ਜਾਂ 2 ਸਾਲਾਂ ਲਈ ਸੀਵਰੇਜ, ਪਾਣੀ ਅਤੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਾਲੇ ਐਨਆਰਆਈਆਂ ਨੂੰ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਕੌਂਂਸਲਰ ਰਿਤੂ ਬਡਵਾਲ ਨੇ ਕਿਹਾ ਕਿ ਸਲੋਹ ਰੋਡ ਪਹਿਲਾਂ ਬਣਾਈ ਜਾਣੀ ਚਾਹੀਦੀ ਹੈ ਕਿਉਂ ਕਿ ਇਹ ਸੜਕ ਹੋਰਨਾਂ ਪਿੰਡਾਂ ਨੂੰ ਨਵਾਂਸ਼ਹਿਰ ਨਾਲ ਜੋੜਦੀ ਹੈ। ਇਸ ਸੜਕ ਤੇ ਸਕੂਲ, ਮੰਦਰ ਅਤੇ ਹਸਪਤਾਲ ਵੀ ਹਨ। ਜਿਸ ਕਾਰਨ ਸੜਕ ਦੀ ਉਸਾਰੀ ਜ਼ਰੂਰੀ ਹੈ। ਇਲਾਕੇ ਵਿਚ ਸਟਰੀਟ ਲਾਈਟਾਂ ਵੀ ਲਗਾਈਆਂ ਜਾਣ ਤਾਂ ਜੋ ਲੋਕਾਂ ਨੂੰ ਹਨ੍ਹੇਰੇ ਤੋਂ ਰਾਹਤ ਮਿਲ ਸਕੇ। ਕੌਂਸਲਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮੁਲਾਜ਼ਮਾਂ ਦੇ ਮੁੱਦੇ ਜ਼ਿਆਦਾ ਸਨ, ਪਰ ਅਗਲੀ ਮੀਟਿੰਗ ਵਿਚ ਹੋਰਨਾਂ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਕੌਂਸਲਰ ਨੀਸ਼ੂ ਚੋਪੜਾ ਨੇ ਸੀਵਰੇਜ ਦੇ ਢੱਕਣਾਂ ਦੀ ਮੁਰੰਮਤ ਦਾ ਮੁੱਦਾ ਚੁਕਿਆ ਕਿਉਂਕਿ ਸੀਵਰੇਜ ਦੇ ਢੱਕਣਾਂ ਦੀ ਮਾੜੀ ਹਾਲਤ ਕਾਰਨ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਕੌਂਸਲਰ ਵਰਿੰਦਰ ਚੋਪੜਾ ਨੇ ਸਾਰੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਨਿਯਮਾਂ ਅਨੁਸਾਰ ਪਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਾਰਡ ਵਿਚ ਗਲੀਆਂ ਦੀ ਮੁਰੰਮਤ ਪਹਿਲਾਂ ਦੇ ਆਧਾਰ ਤੇ ਕਰਵਾਉਣ ਦੀ ਮੰਗ ਕੀਤੀ। ਕੌਂਸਲਰ ਇੰਦਰਪ੍ਰੀਤ ਪਾਠਕ ਨੇ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਮੰਗ ਕੀਤੀ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਰਾਜਾ ਬਖਸ਼ੀ ਨੇ ਸਫਾਈ ਮੁਲਾਜ਼ਮਾਂ ਦੀ ਘਾਟ ਦਾ ਮੁੱਦਾ ਉਠਾਉਂਦੇ ਲੋੜੀਂਦੀ ਗਿਣਤੀ ਪੂਰੀ ਕਰਨ ਦੀ ਮੰਗ ਕੀਤੀ। ਕੌਂਸਲਰ ਸੰਗੀਤਾ ਗਿੱਲ ਨੇ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਫੰਡ ਪ੍ਰਾਪਤ ਕਰਨ ਵਿਚ ਦੇਰੀ ਦਾ ਮੁੱਦਾ ਉਠਾਉਂਦੇ ਸਬੰਧਤ ਅਧਿਕਾਰੀਆਂ ਨੂੰ ਲਾਭਪਾਤਰੀਆਂ ਨੂੰ ਸਕੀਮ ਫੰਡ ਜਾਰੀ ਕਰਨ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਕੌਂਸਲਰ ਰਮਨ ਕੁਮਾਰ ਮਾਨ ਨੇ ਡੰਪ ਤੇ ਲੱਗੀ ਅੱਗ ਦਾ ਮੁੱਦਾ ਉਠਾਉਂਦੇ ਟੇਬਲ ਆਈਟਮ ਚ ਸ਼ਾਮਲ ਕਰਨ ਅਤੇ ਮਸਲਾ ਜਲਦੀ ਹੱਲ ਕਰਨ ਦੀ ਮੰਗ ਕੀਤੀ। ਕੌਂਸਲਰ ਮਮਤਾ ਦੇਵੀ ਨੇ ਡੰਪ ਨੂੰ ਦੂਜੀ ਥਾਂ ਤੇ ਸ਼ਿਫਟ ਕਰਨ ਅਤੇ ਸ਼ਹਿਰ ਵਿਚ ਸਟਰੀਟ ਲਾਈਟਾਂ ਲਗਾਉਣ ਦੀ ਮੰਗ ਕੀਤੀ। ਕੌਂਂਸਲਰ ਪੁਸ਼ਪਾ ਦੇਵੀ ਨੇ ਕਿਹਾ ਕਿ ਸ਼ਹਿਰ ਵਿਚ ਸਟਰੀਟ ਲਾਈਟਾਂ ਕੰਮ ਨਹੀਂ ਕਰ ਰਹੀਆਂ ਇਨ੍ਹਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ। ਕੌਂਸਲਰ ਜਸਵੀਰ ਕੌਰ ਨੇ ਕਿਹਾ ਕਿ ਨਵਾਂਸ਼ਹਿਰ ਵਿਚ ਪਿਛਲੇ ਸਾਲਾਂ ਵਾਂਗ ਘਰਾਂ ਨੂੰ ਨੰਬਰ ਦਿੱਤੇ ਜਾਣ ਦੀ ਮੰਗ ਵੀ ਕੀਤੀ।