ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ 16 ਨੁਕਤੀ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ 16 ਨੁਕਤੀ ਮੰਗ ਪੱਤਰ
Publish Date: Fri, 30 Oct 2026 06:24 PM (IST)
Updated Date: Fri, 30 Oct 2026 06:25 PM (IST)
ਇਲਾਕੇ ਦੀਆਂ ਭਲਾਈ ਮੰਗਾਂ, ਸੜਕਾਂ ਦੀ ਖਸਤਾ ਹਾਲਤ, ਨਸ਼ੇ ਤੇ ਠੱਲ੍ਹ ਅਤੇ ਹਸਪਤਾਲ ਚਾਲੂ ਕਰਨ ਦੀ ਕੀਤੀ ਮੰਗ: ਸੇਠੀ ਸਰਪੰਚ ਥੋਪੀਆ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਬਲਾਚੌਰ ਅਤੇ ਇਲਾਕਾ ਵਾਸੀਆਂ ਵੱਲੋਂ ਹਲਕਾ ਇੰਚਾਰਜ ਸੇਠੀ ਸਰਪੰਚ (ਥੋਪੀਆ) ਦੀ ਅਗਵਾਈ ਹੇਠ ਐੱਸਡੀਐੱਮ ਬਲਾਚੌਰ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇੱਕ 16 ਨੁਕਤੀ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਪਾਰਟੀ ਦੇ ਵੱਡੀ ਗਿਣਤੀ ਸਮਰਥਕ ਵੀ ਮੌਜੂਦ ਸਨ। ਸੇਠੀ ਥੋਪੀਆ ਵੱਲੋਂ ਇਸ ਮੰਗ ਪੱਤਰ ਰਾਹੀਂ ਇਲਾਕੇ ਦੀਆਂ ਚਿਰਾਂ ਤੋਂ ਲੰਬਿਤ ਪਈਆਂ ਅਹਿਮ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲ ਕਾਰਜਕਾਲ ਪੂਰੇ ਹੋਣ ਉਪਰੰਤ ਵੀ ਇਲਾਕਾ ਵਿਕਾਸ ਪੱਖੋਂ ਪੂਰੀ ਤਰਾਂ ਪਛੜ ਕੇ ਰਹਿ ਗਿਆ। ਉਨ੍ਹਾਂ ਆਖਿਆ ਕਿ ਵਿਕਾਸ ਦੀ ਰਫਤਾਰ ਦਾ ਜੋ ਢੰਡੋਰਾ ਪਿੱਟਿਆ ਜਾ ਰਿਹਾ ਹੈ ਉਹ ਜਮੀਨੀ ਹਕੀਕਤ ਤੇ ਨਜ਼ਰ ਨਹੀਂ ਆ ਰਿਹਾ। ਪੰਜਾਬ ਸਰਕਾਰ ਸਿਰਫ ਫਲੈਕਸ ਬੋਰਡਾਂ ਤੱਕ ਝੂਠਾ ਪ੍ਰਚਾਰ ਕਰਨ ਤੇ ਮੋਹਰੀ ਹੈ। ਜਦਕਿ ਵਿਕਾਸ ਪੱਖੋਂ ਪੂਰੀ ਤਰ੍ਹਾਂ ਨਾਲ ਪਛੜ ਗਈ ਹੈ। ਬਲਾਚੌਰ ਵਿਖੇ 400 ਮੀਟਰ ਦਾ ਖੇਡ ਟਰੈਕ ਬਣਾਇਆ ਜਾਵੇ ਅਤੇ ਇਲਾਕੇ ਦੇ ਸਕੂਲਾਂ ਵਿਚ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਵੇ। ਬਲਾਚੌਰ ਸ਼ਹਿਰ ਦੀਆਂ ਟੁੱਟੀਆਂ ਤੇ ਖਸਤਾ ਹਾਲਤ ਸੜਕਾਂ ਜਿਵੇਂ ਕਿ ਭੱਦੀ ਰੋਡ, ਮੇਨ ਚੌਂਕ, ਗੜ੍ਹੀ ਰੋਡ ਆਦਿ ਦਾ ਨਵੀਨੀਕਰਨ ਕੀਤਾ ਜਾਵੇ। ਬਲਾਚੌਰ ਸ਼ਹਿਰ ਦੀਆਂ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਅਤੇ ਰੇਹੜੀਆਂ/ਫੜ੍ਹੀਆਂ ਵਾਲਿਆਂ ਵੱਲੋਂ ਸੁੱਟੇ ਜਾਂਦੇ ਕੂੜੇ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਸਹਿਰ ਅੰਦਰ ਟ੍ਰੈਫਿਕ ਜਾਮ, ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਅਤੇ ਬੰਦ ਪਈਆਂ ਸਟ੍ਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ। ਕਾਠਗੜ੍ਹ ਦਾ ਸਿਵਲ ਹਸਪਤਾਲ ਜੋ ਕਿ ਬੰਦ ਪਿਆ ਹੈ, ਉਸ ਨੂੰ ਮੁੜ ਚਾਲੂ ਕਰਵਾ ਕੇ ਡਾਕਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਲਾਕੇ ਅੰਦਰ ਧਰਤੀ ਹੇਠਲੇ ਅਤੇ ਧਰਤੀ ਉੱਪਰ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਤਹਿਸੀਲ ਅੰਦਰ ਲੱਗੀਆਂ ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਸਤਲੁਜ ਅਤੇ ਭੂਮੀ ਵਿਚ ਪਾਏ ਜਾਣ ਕਾਰਨ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ, ਇਸ ਤੇ ਰੋਕ ਲਗਾਈ ਜਾਵੇ। ਨਾਲ ਹੀ ਸ਼ਹਿਰ ਵਿਚ ਸ਼ੋਰ ਪ੍ਰਦੂਸ਼ਣ ਤੇ ਵੀ ਰੋਕ ਲਗਾਈ ਜਾਵੇ। ਨੈਸ਼ਨਲ ਹਾਈਵੇ ਉੱਪਰ ਵੱਧ ਰਹੇ ਹਾਦਸਿਆਂ ਬਾਰੇ ਉਨ੍ਹਾਂ ਸਪਸ਼ਟ ਕੀਤਾ। ਆਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਕਾਠਗੜ੍ਹ ਮੋੜ ਤੇ ਕੰਗਣਾ ਪੁਲ ਬਾਈਪਾਸ (ਰੋਪੜ ਤੋਂ ਜਲੰਧਰ ਸੜਕ) ਅਤੇ ਜੀਟੀ ਰੋਡ ਹਾਈਵੇਅ ਦੇ ਗੜ੍ਹੀ ਕਾਨੂੰਗੋਆਂ ਚੌਂਕ (ਭੁਲੇਖਾ ਚੌਂਕ) ਵਿਖੇ ਫਲਾਈਓਵਰ ਪੁਲ ਬਣਾਏ ਜਾਣ। ਨਸ਼ਿਆਂ ਨੂੰ ਰੋਕਣ ਲਈ ਸ਼ਹੀਦ ਹੋਏ ਪਰਮਿੰਦਰ ਛੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਪਰਿਵਾਰ ਵੱਲੋਂ ਬਣਾਈ ਕਮੇਟੀ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ। ਗਲੀ-ਗਲੀ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਗੁਪਤ ਟੀਮਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹਲਕਾ ਇੰਚਾਰਜ ਸੇਠੀ ਸਰਪੰਚ (ਥੋਪੀਆ) ਨੇ ਕਿਹਾ ਕਿ ਇਹ ਮੰਗਾਂ ਇਲਾਕੇ ਦੇ ਆਮ ਲੋਕਾਂ ਦੀਆਂ ਬਹੁਤ ਜ਼ਰੂਰੀ ਲੋੜਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮੂਹ ਅਹੁਦੇਦਾਰ, ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।