
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤੇਜਧਾਰ ਹਥਿਆਰ ਨਾਲ ਵਿਖਾ ਕੇ ਖੋਹੇ 12 ਹਜ਼ਾਰ ਰੁਪਏ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 12 ਹਜ਼ਾਰ ਰੁਪਏ ਖੋਹਣ ਵਾਲੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਇਲਾਕਾ ਵਾਸੀਆਂ ਨੇ ਕੀਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਅਧੀਨ ਆਉਂਦੇ ਪਿੰਡ ਜੱਬੋਵਾਲ ਵਿਖੇ ਨੌਜਵਾਨ ਜਗਦੇਵ ਸਿੰਘ ਭੱਟੀ ਨੂੰ ਨਹਿਰ ਲਾਗੇ ਘੇਰ ਕੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਜਾਨ ਤੋਂ ਮਾਰਨ ਦਾ ਡਰਾਵਾ ਦੇ ਕੇ ਪਰਸ ਚੋਂ 10 ਤੋਂ 12 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ ਹੋਏ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਗਦੇਵ ਸਿੰਘ ਭੱਟੀ ਨੇ ਦੱਸਿਆ ਕਿ ਉਹ ਪਿੰਡ ਪਿੰਡ ਜਾ ਕੇ ਲੋਕਾਂ ਦੇ ਸੈਂਪਲ ਕਲੈਕਟ ਕਰਨ ਦਾ ਕੰਮ ਕਰਦਾ ਹੈ। ਅੱਜ ਜਦੋਂ ਉਹ ਕਿਸੇ ਦਾ ਸੈਂਪਲ ਲੈ ਕੇ ਪਿੰਡ ਥਾਂਦੀਆਂ ਵੱਲ ਜਾਣ ਲਈ ਨਹਿਰੀ ਮਾਰਗ ਤੋਂ ਜਾ ਰਿਹਾ ਸੀ ਤਾਂ ਰਸਤੇ ਵਿਚ ਦੋ ਅਣਪਛਾਤੇ ਨੌਜਵਾਨ, ਜੋ ਕਿ ਇਕ ਮੋਟਰਸਾਈਲ ’ਤੇ ਸਵਾਰ ਸਨ ਨੇ ਰਸਤੇ ਵਿਚ ਉਸ ਨੂੰ ਘੇਰ ਲਿਆ ਅਤੇ ਉਸ ਦੇ ਪਰਸ ਵਿਚੋਂ 10-12 ਹਜ਼ਾਰ ਦੀ ਨਕਦੀ ਲੁੱਟ ਕੇ ਉਸ ਦਾ ਪਰਸ ਸੁੱਟ ਕੇ ਫ਼ਰਾਰ ਹੋ ਗਏ। ਜਦੋਂ ਜਗਦੇਵ ਸਿੰਘ ਨੇ ਉਕਤ ਸਥਾਨ ਨੇੜੇ ਤੋਂ ਲੰਘ ਰਹੇ ਵਿਅਕਤੀਆਂ ਨੂੰ ਉਸ ਨਾਲ ਹੋਈ ਲੁੱਟ-ਖੋਹ ਦੀ ਵਾਰਦਾਤ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦੀ ਗੱਲ ਆਖੀ। ਜਗਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ 100 ਨੰਬਰ ’ਤੇ ਫੋਨ ਕਰਨ ’ਤੇ ਪੁਲਿਸ ਨੇ ਉਸ ਨੂੰ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਆ ਕੇ ਆਪਣੀ ਸ਼ਿਕਾਇਤ ਅਤੇ ਮੌਕਾ ਦਿਖਾਉਣ ਦੀ ਗੱਲ ਆਖੀ। ਜਦੋਂ ਉਹ ਪੁਲਿਸ ਥਾਣਾ ਸਦਰ ਪੁੱਜਾ ਤਾਂ ਕਿਸੇ ਮੁਲਾਜ਼ਮ ਨੇ ਦੱਸਿਆ ਕਿ ਅੱਜ ਐੱਸਐੱਚਓ ਨਹੀਂ ਆਏ ਹਨ, ਤੁਸੀਂ ਕੱਲ੍ਹ ਨੂੰ ਆਉਣਾ। ਜਗਦੇਵ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਬਣਦਾ ਗੌਰ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਇਲਾਕੇ ਵਿਚ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ’ਤੇ ਲਗਾਮ ਕੱਸੀ ਜਾ ਸਕੇ।
- ਦੁਕਾਨਦਾਰ ਤੋਂ ਲੁੱਟ-ਖੋਹ ਕਰ ਕੇ ਫ਼ਰਾਰ ਹੋਏ ਤਿੰਨ ਅਣਪਛਾਤੇ
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਬੰਗਾ ਤੋਂ ਆਪਣੀ ਦੁਕਾਨ ਬੰਦ ਕਰ ਕੇ ਪਿੰਡ ਜੱਬੋਵਾਲ ਆ ਰਹੇ ਇਕ ਦੁਕਾਨਦਾਰ ਰਮਨ ਸਿੰਘ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਲੁੱਟ ਖੋਹ ਕਰਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਅਚਾਨਕ ਹੋਏ ਹਮਲੇ ਦੌਰਾਨ ਉਨ੍ਹਾਂ ਨੇ ਹਮਲਾਵਰ ਦਾ ਦਾਤ ਫੜ ਲਿਆ। ਇਸ ਕਾਰਨ ਉਸ ਦਾ ਜਾਨੀ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਵਾਪਰ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸ਼ਾਮ ਅਤੇ ਰਾਤ ਸਮੇਂ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਤਾਂ ਜੋ ਦੇਰ ਰਾਤ ਦੁਕਾਨ ਬੰਦ ਕਰ ਕੇ ਘਰ ਆਉਣ ਵਾਲਿਆਂ ਨਾਲ ਇਹੋ ਜਿਹੀ ਕੋਈ ਵਾਰਦਾਤ ਨਾ ਵਾਪਰੇ। ਰਮਨ ਸਿੰਘ ਨੇ ਪੁਲਿਸ ਤੋਂ ਹਮਲਾਵਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ।