ਦੋਆਬਾ ਆਰੀਆ ਸਕੂਲ ਵਿਖੇ 116ਵੀਂ ਸਲਾਨਾ ਐਥਲੈਟਿਕ ਮੀਟ ਸ਼ੁਰੂ ਦੋਆਬਾ ਆਰੀਆ ਸਕੂਲ ਵਿਖੇ 116ਵੀਂ ਸਲਾਨਾ ਐਥਲੈਟਿਕ ਮੀਟ ਸ਼ੁਰੂ
Publish Date: Thu, 22 Oct 2026 06:20 PM (IST)
Updated Date: Thu, 22 Oct 2026 06:22 PM (IST)
ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਹਿਮ-ਵਿਨੋਦ ਕੁਮਾਰ ਭਾਰਦਵਾਜ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ 116ਵੀਂ ਸਲਾਨਾ ਐਥਲੈਟਿਕ ਮੀਟ ਦਾ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸ਼ੁਰੂ ਕਰਵਾਇਆ ਗਿਆ। ਆਰੀਆ ਸਮਾਜ ਨਵਾਂਸ਼ਹਿਰ ਦੇ ਕਾਰਜਕਾਰੀ ਪ੍ਰਧਾਨ ਵਿਨੋਦ ਕੁਮਾਰ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੇ ਪ੍ਰਿੰ. ਰਾਜਿੰਦਰ ਸਿੰਘ ਗਿੱਲ ਅਤੇ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵਿਨੋਦ ਕੁਮਾਰ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰੇਕ ਵਿਦਿਆਰਥੀ ਨੂੰ ਖੇਡ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਪ੍ਰਿੰਸੀਪਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪ੍ਰਿੰਸੀਪਲ ਦੀ ਅਗਵਾਈ ਮਿਲਣਾ ਮਾਣ ਵਾਲੀ ਗੱਲ ਹੈ, ਜੋ ਖੁਦ ਇੱਕ ਅੰਤਰਰਾਸ਼ਟਰੀ ਪੱਧਰ ਦੇ ਬੈਡਮਿੰਟਨ ਖਿਡਾਰੀ ਹਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ।।ਸਕੂਲ ਦੇ ਪ੍ਰਧਾਨ ਜੀਆ ਲਾਲ ਸ਼ਰਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੇ ਵਿਦਿਆਰਥੀਆਂ ਦਾ ਉਤਸ਼ਾਹ ਹੋਰ ਵਧਾਇਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਦੋ ਰੋਜ਼ਾ ਖੇਡ ਮੇਲੇ ਦੌਰਾਨ ਲੜਕਿਆਂ ਅਤੇ ਲੜਕੀਆਂ ਦੇ ਜੂਨੀਅਰ ਅਤੇ ਸੀਨੀਅਰ ਵਰਗਾਂ ਵਿਚ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਤੋਂ ਇਲਾਵਾ ਵੱਖ-ਵੱਖ ਥ੍ਰੋਅ ਮੁਕਾਬਲੇ, ਲੰਬੀ ਛਾਲ, ਉੱਚੀ ਛਾਲ, ਰੱਸਾਕਸ਼ੀ ਅਤੇ ਰਿਲੇਅ ਦੌੜਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਮਿਹਨਤ, ਆਤਮ-ਵਿਸ਼ਵਾਸ, ਸਹਿਯੋਗ ਅਤੇ ਜਿੱਤ-ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਖੇਡ ਮੇਲੇ ਦੇ ਕਨਵੀਨਰ ਅਤੇ ਵਾਈਸ ਪ੍ਰਿੰ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਖੇਡ ਸਮਾਗਮ ਦੋ ਦਿਨ ਚੱਲੇਗਾ। ਗੁਰਪ੍ਰੀਤ ਕੌਰ ਨੇ ਸਕੂਲ ਦੇ ਚਾਰ ਸਦਨਾਂ-ਪੰਡਿਤ ਦੇਵਿੰਦਰ ਹਾਊਸ, ਸ਼ਹੀਦ ਭਗਤ ਸਿੰਘ ਹਾਊਸ, ਸ. ਗਗਨ ਅਜੀਤ ਹਾਊਸ ਅਤੇ ਸਵਾਮੀ ਦਯਾਨੰਦ ਹਾਊਸ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦਾ ਮੰਚ ਸੰਚਾਲਨ ਰਜਨੀ ਨਈਅਰ, ਕੋਮਲ ਅਤੇ ਕਿਰਨ ਪਾਲ ਨੇ ਬਾਖੂਬੀ ਨਿਭਾਇਆ। ਜਦਕਿ ਵਾਈਸ ਕਨਵੀਨਰ ਪਰਵੇਸ਼ ਰਾਣੀ ਨੇ ਜੂਨੀਅਰ ਵਰਗ ਦੇ ਮੁਕਾਬਲਿਆਂ ਦਾ ਸੁਚੱਜਾ ਪ੍ਰਬੰਧ ਕੀਤਾ। ਅੱਜ ਦੇ 100 ਮੀਟਰ ਦੌੜ ਮੁਕਾਬਲੇ ਲੜਕੀਆਂ ਦੇ ਵਰਗ ਵਿਚ ਪਲਕ ਨੇ ਸੋਨ ਤਗਮਾ, ਖੁਸ਼ੀ ਨੇ ਚਾਂਦੀ ਦਾ ਤਗਮਾ ਅਤੇ ਗੁਰਮੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਲੜਕਿਆਂ ਦੇ ਵਰਗ ਵਿਚ ਮਹਿੰਦਰ ਪਾਲ ਨੇ ਸੋਨ ਤਗਮਾ, ਰੋਹਿਤ ਸਿੰਘ ਨੇ ਚਾਂਦੀ ਦਾ ਤਗ਼ਮਾ ਅਤੇ ਬਲਬੀਰ ਸਿੰਘ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਅੱਜ ਦੇ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।