- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਬੀਜ਼ ਨਾਲ ਨੌਜਵਾਨ ਦੀ ਮੌਤ, ਛੇ ਮਹੀਨਿਆਂ ’ਚ ਅੱਠ ਹਜ਼ਾਰ ਤੋਂ ਵੱਧ ਡਾਗ ਬਾਈਟ ਦੇ ਮਾਮਲੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੁੱਤੇ ਦੇ ਕੱਟਣ ਨੂੰ ਹਲਕੇ ਵਿੱਚ ਲੈਣਾ ਇੱਕ ਪਰਿਵਾਰ ਲਈ ਜਾਨਲੇਵਾ ਸਾਬਤ ਹੋਇਆ। ਜ਼ਿਲ੍ਹੇ ’ਚ ਕੰਮ ਕਰਨ ਆਏ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਰੈਬੀਜ਼ ਕਾਰਨ ਮੌਤ ਹੋ ਗਈ, ਕਿਉਂਕਿ ਉਸ ਨੇ ਸਮੇਂ ਸਿਰ ਐਂਟੀ-ਰੈਬੀਜ਼ ਦਾ ਟੀਕਾ ਨਹੀਂ ਲਗਵਾਇਆ ਸੀ। ਤਿੰਨ ਮਹੀਨੇ ਪਹਿਲਾਂ ਨੌਜਵਾਨ ਨੂੰ ਮੁਕਤਸਰ ਦੇ ਜਲਾਲਾਬਾਦ ਰੋਡ ’ਤੇ ਇੱਕ ਅਵਾਰਾ ਕੁੱਤੇ ਨੇ ਕੱਟਿਆ ਸੀ। ਜਾਣਕਾਰੀ ਅਨੁਸਾਰ ਯੂਪੀ ਦੇ ਇਟਾਵਾ ਨਿਵਾਸੀ ਕੁਲਦੀਪ (35) ਟ੍ਰਾਂਸਪੋਰਟ ਕੰਪਨੀ ’ਚ ਕਰੀਬ ਸੱਤ ਸਾਲਾਂ ਤੋਂ ਕੰਮ ਕਰ ਰਿਹਾ ਸੀ। ਕੰਪਨੀ ਦੇ ਮਾਲਕ ਲਵਲੀ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਲਦੀਪ ਸ੍ਰੀ ਗੰਗਾਨਗਰ ਤੋਂ ਦਾਲ ਦੇ ਗੱਟੇ ਲੈ ਕੇ ਬਲਰਾਮਪੁਰ ਲਈ ਨਿਕਲਿਆ ਸੀ। ਇਸੇ ਦੌਰਾਨ ਰਸਤੇ ’ਚ ਉਸਨੂੰ ਕਿਸੇ ਕੁੱਤੇ ਨੇ ਕੱਟ ਲਿਆ ਸੀ, ਪਰ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਆਪਣਾ ਸਫ਼ਰ ਜਾਰੀ ਰੱਖਿਆ। ਹਾਪੁੜ ਦੇ ਕੋਲ ਪਹੁੰਚਣ ’ਤੇ ਉਸ ਦੀ ਤਬੀਅਤ ਵਿਗੜਨ ਲੱਗੀ। ਉਸ ਨੇ ਫ਼ੋਨ ’ਤੇ ਦਵਾਈ ਲੈਣ ਦੀ ਗੱਲ ਕਹੀ, ਪਰ ਆਰਾਮ ਨਹੀਂ ਕੀਤਾ। ਬਰੇਲੀ ਦੇ ਕੋਲ ਰਾਮਪੁਰ ’ਚ ਹਾਲਤ ਜ਼ਿਆਦਾ ਖ਼ਰਾਬ ਹੋ ਗਈ। ਇਸਤੋਂ ਬਾਅਦ ਉਸ ਨੇ ਘਰ ’ਚ ਆਪਣੇ ਭਰਾ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਮੁਕਤਸਰ ਤੋਂ ਤੁਰੰਤ ਰਾਮਪੁਰ ਪਹੁੰਚੇ ਅਤੇ ਉਸ ਨੂੰ ਮੁਢਲੀ ਸਹਾਇਤਾ (ਪ੍ਰਾਇਮਰੀ ਟ੍ਰੀਟਮੈਂਟ) ਦੇਣ ਤੋਂ ਬਾਅਦ ਘਰ ਲੈ ਗਏ। ਅਗਲੇ ਦਿਨ ਜਦੋਂ ਉਸ ਨੂੰ ਇਟਾਵਾ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਇਹ ਰੈਬੀਜ਼ ਦਾ ਕੇਸ ਹੈ ਅਤੇ ਸਮੇਂ ਸਿਰ ਟੀਕਾ ਨਾ ਲੱਗਣ ਕਾਰਨ ਹਾਲਤ ਵਿਗੜ ਚੁੱਕੀ ਹੈ। ਇਲਾਜ ਦੌਰਾਨ ਕੁਲਦੀਪ ਦੀ ਮੌਤ ਹੋ ਗਈ। ਕੁਲਦੀਪ ਦਾ ਵਿਆਹ ਕਰੀਬ ਨੌਂ ਮਹੀਨੇ ਪਹਿਲਾਂ ਹੀ ਹੋਇਆ ਸੀ।