ਸੈਲੂਨ ਸੰਚਾਲਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ ਸ੍ਰੀ ਮੁਕਤਸਰ ਸਾਹਿਬ ’ਚ ਸੈਲੂਨ ਸੰਚਾਲਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ
Publish Date: Thu, 01 Oct 2026 06:32 PM (IST)
Updated Date: Fri, 02 Oct 2026 04:05 AM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਸਥਿਤ ਠੇਕੇ ਵਾਲੀ ਗਲੀ ’ਚ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ 24 ਸਾਲਾ ਸੈਲੂਨ ਸੰਚਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜਖ਼ਮੀ ਹਾਲਤ ’ਚ ਨੌਜਵਾਨ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਸੰਜੂ (24) ਵਜੋਂ ਹੋਈ ਹੈ, ਜੋ ਕਿ ਕੋਟਲੀ ਰੋਡ ਦਾ ਰਹਿਣ ਵਾਲਾ ਹੈ। ਪੀੜਤ ਦੇ ਪਿਤਾ ਅਮਰ ਸਿੰਘ ਅਤੇ ਮਾਤਾ ਬਿਮਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ਾਨਾ ਵਾਂਗ ਆਪਣੀ ਦੁਕਾਨ ’ਤੇ ਸੀ। ਬੁੱਧਵਾਰ ਦੇਰ ਸ਼ਾਮ ਕੁਝ ਹਮਲਾਵਰਾਂ ਨੇ ਦੁਕਾਨ ਅੰਦਰ ਵੜ ਕੇ ਸੰਜੂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੇ ਗੁੱਟ ਵੱਢੇ ਗਏ ਅਤੇ ਸਰੀਰ ’ਤੇ ਕਈ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਨੇ ਦੁਕਾਨ ਦੀ ਵੀ ਭੰਨ-ਤੋੜ ਕੀਤੀ। ਪਰਿਵਾਰ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਪੁੱਤ ’ਤੇ ਹਮਲਾ ਕੀਤਾ ਸੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਮੌਕੇ ’ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।