ਦੁਸ਼ਹਿਰੇ ਨੂੰ ਲੈ ਕੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਉਣ ਦਾ ਕੰਮ ਜ਼ੋਰਾਂ 'ਤੇ ਦੁਸ਼ਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਬਣਾਉਣ ਦਾ ਕੰਮ ਜ਼ੋਰਾਂ 'ਤੇ
Publish Date: Mon, 05 Oct 2026 05:58 PM (IST)
Updated Date: Mon, 05 Oct 2026 06:02 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸ਼ਹਿਰਾ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਤਿਆਰੀਆਂ ਨੂੰ ਲੈ ਕੇ ਰੌਣਕਾਂ ਵਧਦੀਆਂ ਜਾ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਵਾਰ ਵੀ ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਤਿਆਰ ਕਰਨ ਦਾ ਕੰਮ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਭਵਿੱਖਮੁਖੀ ਅਤੇ ਆਕਰਸ਼ਕ ਪੁਤਲਿਆਂ ਨੂੰ ਤਿਆਰ ਕਰਨ ਲਈ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਗਵਾਲੀਅਰ ਤੋਂ ਤਜਰਬੇਕਾਰ ਕਲਾਕਾਰਾਂ ਦੀ ਛੇ ਮੈਂਬਰੀ ਟੀਮ ਉਚੇਚੇ ਤੌਰ ’ਤੇ ਸ੍ਰੀ ਮੁਕਤਸਰ ਸਾਹਿਬ ਪਹੁੰਚੀ ਹੈ। ਇਸ ਟੀਮ ’ਚ ਮੁੱਖ ਕਲਾਕਾਰਾਂ ਵਜੋਂ ਸਯਾਦ, ਆਬਿਕ ਹੁਸੈਨ, ਰਾਹੁਲ, ਅਰਮਾਨ ਮਲਿਕ, ਰਮਨ ਮਲਿਕ ਅਤੇ ਜਾਵੇਦ ਸ਼ਾਮਲ ਹਨ, ਜੋ ਦਿਨ-ਰਾਤ ਮਿਹਨਤ ਕਰਕੇ ਇਨ੍ਹਾਂ ਪੁਤਲਿਆਂ ਨੂੰ ਖੂਬਸੂਰਤ ਰੂਪ ਦੇਣ ’ਚ ਜੁੱਟੇ ਹੋਏ ਹਨ। ਕਲਾਕਾਰਾਂ ਦੀ ਟੀਮ ਅਨੁਸਾਰ ਤਿਆਰ ਕੀਤੇ ਜਾ ਰਹੇ ਇਨ੍ਹਾਂ ਪੁਤਲਿਆਂ ਦੀ ਕੁੱਲ ਉਚਾਈ ਲਗਭਗ 60 ਤੋਂ 70 ਫੁੱਟ ਹੋਵੇਗੀ। ਇਨ੍ਹਾਂ ਨੂੰ ਮੁਕੰਮਲ ਕਰਨ ’ਚ ਕਰੀਬ 20 ਦਿਨਾਂ ਦਾ ਸਮਾਂ ਲੱਗਦਾ ਹੈ। ਪੁਤਲਿਆਂ ਦੀ ਬਣਤਰ ’ਚ ਹਰ ਹਿੱਸੇ ਨੂੰ ਬਹੁਤ ਬਾਰੀਕੀ ਅਤੇ ਕਲਾਤਮਕ ਢੰਗ ਨਾਲ ਘੜਿਆ ਜਾ ਰਿਹਾ ਹੈ। ਇਸਤੋਂ ਇਲਾਵਾ, ਪੁਤਲਿਆਂ ਦੇ ਨਕਸ਼ਾਂ ਅਤੇ ਬਣਾਵਟ ਨੂੰ ਹੋਰ ਜੀਵੰਤ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਜਿਵੇਂ ਕਿ ਰਾਵਣ ਅਤੇ ਮੇਘਨਾਦ ਲਈ ਮੁੱਛਾਂ ਵਾਲੀ ਖ਼ਾਸ ਜੁੱਤੀ ਅਤੇ ਕੁੰਭਕਰਨ ਲਈ ਵਿਸ਼ੇਸ਼ ਬੂਟ ਤਿਆਰ ਕੀਤੇ ਜਾ ਰਹੇ ਹਨ। ਇਸ ਵਾਰ ਵੀ ਸ਼ਹਿਰ ਵਾਸੀਆਂ ’ਚ ਦੁਸ਼ਹਿਰੇ ਦੇ ਮੇਲੇ ਅਤੇ ਪੁਤਲਾ ਫੂਕਣ ਦੇ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।