- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਮਾਨ ਯੋਜਨਾ ਲਈ ਦਫਤਰਾਂ ’ਚ ਖੱਜਲ ਖੁਆਰ ਹੋ ਰਹੀਆਂ ਨੇ ਔਰਤਾਂ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ‘ਮਾਂਵਾਂ ਧੀਆਂ ਸਨਮਾਨ ਯੋਜਨਾ’ ਦਾ ਲਾਭ ਲੈਣ ਲਈ ਇੱਥੋਂ ਦੇ ਸੇਵਾ ਕੇਂਦਰ ’ਚ ਮਈ ਮਹੀਨੇ ’ਚ ਦਿੱਤੀਆਂ ਅਰਜ਼ੀਆਂ ਦਾ ਕੋਈ ਅਤਾ-ਪਤਾ ਨਾ ਲੱਗਣ ਕਰਕੇ ਲਾਭਪਾਤਰੀ ਬੀਬੀਆਂ ਡਾਢੀਆਂ ਪ੍ਰੇਸ਼ਾਨ ਹਨ। ਸੇਵਾ ਕੇਂਦਰ ’ਚ ਪੁੱਜੀਆਂ ਬਲਦੇਵ ਕੌਰ, ਲਵਪ੍ਰੀਤ ਕੌਰ, ਨਸੀਬ ਕੌਰ ਹੋਰਾਂ ਨੇ ਦੱਸਿਆ ਕਿ ਉਹ ਸੇਵਾ ਕੇਂਦਰ ’ਚ ਕਈ ਗੇੜੇ ਕੱਢ ਚੁੱਕੀਆਂ ਹਨ ਪਰ ਆਪ੍ਰੇਟਰ ਅਰਜ਼ੀ ‘ਪੈਡਿੰਗ’ ਹੈ ਕਹਿਕੇ ਵਾਪਸ ਮੋੜ ਦਿੰਦਾ ਹੈ। ਬੀਬੀਆਂ ਦੀ ਮਦਦ ਕਰ ਰਹੀ ਸਮਾਜ ਸੇਵਕਾ ਸੁਨੀਤਾ ਭੰਮ ਨੇ ਦੱਸਿਆ ਕਿ ਸੇਵਾ ਕੇਂਦਰ ਵਾਲਿਆਂ ਨੇ ਸੀਡੀਪੀਓ ਦਫਤਰ ਵਿੱਚੋਂ ਪਤਾ ਕਰਨ ਲਈ ਕਿਹਾ ਤਾਂ ਬੀਬੀਆਂ ਉਥੇ ਗਈਆਂ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸੇਵਾ ਕੇਂਦਰ ’ਚੋਂ ਪਤਾ ਕਰੋ। ਫਿਰ ਸੇਵਾ ਕੇਂਦਰ ਵਾਲਿਆਂ ਪੈਨਸ਼ਨ ਦਫਤਰ ਭੇਜ ਦਿੱਤਾ, ਬੀਬੀਆਂ ਉਥੇ ਗਈਆਂ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਸੇਵਾ ਕੇਂਦਰ ’ਚੋਂ ਪਤਾ ਕਰੋ। ਹੁਣ ਫਿਰ ਉਹ ਸੇਵਾ ਕੇਂਦਰ ’ਚ ਆਈਆਂ ਹਨ ਪਰ ਇਥੇ ਨਾ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਦਾ ਕੋਈ ਇਤਰਾਜ ਪਤਾ ਲੱਗਦਾ ਹੈ ਅਤੇ ਨਾ ਹੀ ਨਵੀਂ ਅਰਜ਼ੀ ਅਪਲਾਈ ਹੁੰਦੀ ਹੈ। ਉਨ੍ਹਾਂ ਪ੍ਰੇਸ਼ਾਨ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਹਰ ਰੋਜ਼ ਕਹਿੰਦੇ ਹਨ ਕਿ ‘ਟੂੰ-ਟੂੰ’ ਹੋਣ ਲੱਗ ਪਈ ਪਰ ਉਨ੍ਹਾਂ ਦੇ ਫੋਨਾਂ ’ਤੇ ਕੋਈ ਸੁਨੇਹਾ ਨਹੀਂ ਆਇਆ। ਉਹ ਕਈ ਕਿਲੋਮੀਟਰ ਤੁਰ ਕੇ ਜਾਂ ਆਟੋ ਤੇ ਪੈਸੇ ਖਰਚਕੇ ਦਫਤਰਾਂ ’ਚ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਜਲਦੀ ਗੌਰ ਕਰੇ ਅਤੇ ਸਨਮਾਨ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪਾਵੇ। ਇਸ ਦੌਰਾਨ ਸੇਵਾ ਕੇਂਦਰ ਇੰਚਾਰਜ ਸੁਖਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਅਰਜ਼ੀਆਂ ਆਂਗਣਵਾੜੀ ਦਫਤਰ ’ਚ ਪੈਡਿੰਗ ਹਨ। ਉਹ ਹੈੱਡ ਆਫਿਸ ਨਾਲ ਸੰਪਰਕ ਕਰਕੇ ਇੰਨ੍ਹਾਂ ਅਰਜ਼ੀਆਂ ਦੇ ਨਿਪਟਾਰੇ ਜਾਂ ਨਵੀਆਂ ਅਰਜ਼ੀਆਂ ਅਪਲਾਈ ਕਰਨਗੇ।