ਜਾਂਏ ਤੋਂ ਜਾਏਂ ਕਹਾਂ...ਸੀਵਰੇਜ ਦੇ ਜ਼ਹਿਰੀ ਪਾਣੀ ਨੇ ਜੋਧੂ ਕਲੋਨੀ ਬਣਾਈ ਨਰਕ ਜਾਂਏ ਤੋਂ ਜਾਏਂ ਕਹਾਂ...
Publish Date: Sun, 06 Sep 2026 05:07 PM (IST)
Updated Date: Sun, 06 Sep 2026 05:10 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਸੰਘਣੀ ਅਬਾਦੀ ’ਚ ਵਾਰਡ ਅਤੇ 9 ਅਤੇ 10 ਦੇ ਵਿਚਾਕਾਰ ਪੈਂਦੀ ਜੋਧੀ ਕਲੋਨੀ ਦੀ ਕੱਚਾ ਉਦੇਕਰਨ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਇਉਂ ਲੱਗਦਾ ਹੈ ਜਿਵੇਂ ਇਹ ਇਲਾਕਾ ਚਾਲ੍ਹੀ ਮੁਕਤਿਆਂ ਦੇ ਪਵਿੱਤਰ ਸ਼ਹਿਰ ਅਤੇ ਜ਼ਿਲ੍ਹਾ ਸਦਰ ਮੁਕਾਮ ਦਾ ਨਹੀਂ ਸਗੋਂ ਕਿਸੇ ਅੰਤਾ ਦੇ ਪੱਛੜੇ ਤੇ ਜੰਗਲੀ ਇਲਾਕੇ ਦਾ ਹੋਵੇ। ਸਿੱਤਮ ਦੀ ਗੱਲ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਦਿਆਂ ਹੀ ਗੰਦੇ ਪਾਣੀ ’ਚ ਪੈਰ ਪਾਉਣੇ ਪੈਂਦੇ ਹਨ। ਗੰਦਾ ਮੁਸ਼ਕ ਹਵਾ ’ਚ ਤੈਰਦਾ ਰਹਿੰਦਾ ਹੈ। ਸਾਹ ਲੈਣਾ ਔਖਾ ਹੈ। ਕੌਂਸਲਰ ਸੰਜਨਾ ਭੰਮ, ਕਰਮਜੀਤ ਸਿੰਘ ਭੰਮ, ਗੋਲਡੀ ਬਹਿਲ, ਮੋਨੂੰ ਅਤੇ ਡਾਕਟਰ ਟਿੱਕਾ ਹੋਰਾਂ ਨੇ ਦੱਸਿਆ ਕਿ ਗੰਦਾ ਪਾਣੀ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਗੰਦੇ ਪਾਣੀ ਦੀ ਵਜ੍ਹਾ ਕਰਕੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਘਰ ਨਹੀਂ ਸੱਦ ਸਕਦੇ। ਇਸ ਖੇਤਰ ’ਚ ਕਰੀਬ ਪੰਜ-ਛੇ ਹਜ਼ਾਰ ਘਰ ਹਨ ਜਿੰਨ੍ਹਾਂ ਦਾ ਰਸਤਾ ਇਹੀ ਸੜਕ ਹੈ। ਅੱਗੋਂ ਇਹ ਸੜਕ ਪਿੰਡ ਉਦੇਕਰਨ, ਬੂੜਾ ਗੁੱਜਰ ਤੇ ਫਿਰੋਜ਼ਪੁਰ ਰੋਡ ਨੂੰ ਮਿਲਦੀ ਹੈ ਇਸ ਕਰਕੇ ਹਰ ਵੇਲੇ ਆਵਾਜਾਈ ਰਹਿੰਦੀ ਹੈ। ਸਿਟੀ ਹੋਟਲ ਤੋਂ ਲੈ ਕੇ ਕਰੀਬ ਦੋ ਕਿਲੋਮੀਟਰ ਸੜਕ ਉਪਰ ਗੰਦਾ ਪਾਣੀ ਭਰਿਆ ਹੋਣ ਕਰਕੇ ਲੋਕਾਂ ਨੂੰ ਕੰਮਾਂ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਇਸ ਗੰਦੇ ਪਾਣੀ ਵਿੱਚ ਦੀ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੈਰਾਂ ਨਾਲ ਲੱਗਕੇ ਇਹੀ ਗੰਦਾ ਤੇ ਜ਼ਹਿਰੀ ਪਾਣੀ ਰਸੋਈਆਂ ਤੱਕ ਚਲਾ ਜਾਂਦਾ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਇਸੇ ਪਾਣੀ ’ਚ ਡੁੱਬੀ ਹੋਈਆਂ ਹਨ। ਲੋਕਾਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਵਾਰ ਵਾਰ ਸ਼ਕਾਇਤ ਕਰਨ ਤੇ ਵਿਭਾਗ ਦੀਆਂ ਗੱਡੀਆਂ ਸੀਵਰੇਜ ’ਚੋਂ ਪਾਣੀ ਭਰ ਕੇ ਲੈ ਜਾਂਦੀਆਂ ਹਨ ਪਰ ਕੁੱਝ ਸਮੇਂ ਬਾਅਦ ਫਿਰ ਸੜਕ ਪਾਣੀ ਨਾਲ ਭਰ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਵਾਇਆ ਜਾਵੇ। –––––ਕੋਟ–––––– ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਤੇ ਜਲਦੀ ਹੀ ਉਹ ਚਾਲੂ ਕਰ ਦਿੱਤੀਆਂ ਜਾਣਗੀਆਂ। ਪੁਰਾਣਾ ਸੀਵਰੇਜ ਕਈ ਥਾਵਾਂ ਤੋਂ ਜਾਮ ਹੋਣ ਕਰਕੇ ਪਾਣੀ ਓਵਰ ਫਲੋਅ ਹੋ ਜਾਂਦਾ ਹੈ ਫਿਰ ਵੀ ਉਹ ਇਸ ਸਮੱਸਿਆ ਦਾ ਜਲਦੀ ਹੱਲ ਕਰਨਗੇ। -ਸੀਵਰੇਜ ਵਿਭਾਗ ਦੇ ਐੱਸਡੀਓ ਰਮਿੰਦਰਜੀਤ ਸਿੰਘ ਬੇਦੀ