ਸ੍ਰੀ ਮੁਕਤਸਰ ਸਾਹਿਬ 'ਚ ਸੋਗ ਦੀ ਲਹਿਰ, LOC 'ਤੇ ਡਿਊਟੀ ਦੌਰਾਨ ਹਾਦਸੇ 'ਚ ਪਿੰਡ ਬੁੱਟਰ ਬਖੂਆ ਦਾ ਜਵਾਨ ਸੁਖਪ੍ਰੀਤ ਸਿੰਘ ਸ਼ਹੀਦ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਬੁੱਟਰ ਬਖੂਆ ਦੇ ਰਹਿਣ ਵਾਲੇ 27 ਸਾਲਾ ਫ਼ੌਜੀ ਜਵਾਨ ਰਾਈਫਲਮੈਨ ਸੁਖਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨਾਲ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਨਿਯੰਤਰਣ ਰੇਖਾ (ਐੱਲ.ਓ.ਸੀ.) ਨੇੜੇ ਇੱਕ ਅਗਾਂਹਵਧੂ ਫ਼ੌਜੀ ਚੌਕੀ 'ਤੇ ਡਿਊਟੀ ਦੌਰਾਨ ਦੁਖਦ ਹਾਦਸਾ ਵਾਪਰ ਗਿਆ। ਬਾਰਿਸ਼ ਦੌਰਾਨ ਸਿਰ 'ਤੇ ਪੱਥਰ ਡਿੱਗਣ ਕਾਰਨ ਸੁਖਪ੍ਰੀਤ ਫਿਸਲ ਕੇ ਡਿੱਗ ਗਿਆ ਅਤੇ ਸ਼ਹੀਦ ਹੋ ਗਿਆ। ਇਹ ਘਟਨਾ ਜੰਮੂ ਨੇੜੇ ਸੁੰਦਰਬਨੀ ਸੈਕਟਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਲਗਭਗ ਡੇਢ ਵਜੇ ਵਾਪਰੀ।
Publish Date: Wed, 22 Jul 2026 03:15 PM (IST)
Updated Date: Wed, 22 Jul 2026 03:20 PM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਬੁੱਟਰ ਬਖੂਆ ਦੇ ਰਹਿਣ ਵਾਲੇ 27 ਸਾਲਾ ਫ਼ੌਜੀ ਜਵਾਨ ਰਾਈਫਲਮੈਨ ਸੁਖਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨਾਲ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਨਿਯੰਤਰਣ ਰੇਖਾ (ਐੱਲ.ਓ.ਸੀ.) ਨੇੜੇ ਇੱਕ ਅਗਾਂਹਵਧੂ ਫ਼ੌਜੀ ਚੌਕੀ 'ਤੇ ਡਿਊਟੀ ਦੌਰਾਨ ਦੁਖਦ ਹਾਦਸਾ ਵਾਪਰ ਗਿਆ। ਬਾਰਿਸ਼ ਦੌਰਾਨ ਸਿਰ 'ਤੇ ਪੱਥਰ ਡਿੱਗਣ ਕਾਰਨ ਸੁਖਪ੍ਰੀਤ ਫਿਸਲ ਕੇ ਡਿੱਗ ਗਿਆ ਅਤੇ ਸ਼ਹੀਦ ਹੋ ਗਿਆ। ਇਹ ਘਟਨਾ ਜੰਮੂ ਨੇੜੇ ਸੁੰਦਰਬਨੀ ਸੈਕਟਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਲਗਭਗ ਡੇਢ ਵਜੇ ਵਾਪਰੀ।
ਮ੍ਰਿਤਕ ਦੇ ਤਾਇਆ ਗੁਰਦੀਸ਼ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਲਗਭਗ ਡੇਢ ਵਜੇ ਡਿਊਟੀ ਦੌਰਾਨ ਭਾਰੀ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਲੈਂਡਸਲਾਈਡਿੰਗ (ਜ਼ਮੀਨ ਖਿਸਕਣ) ਹੋ ਗਈ। ਸੁਖਪ੍ਰੀਤ ਆਪਣੇ ਤਿੰਨ ਹੋਰ ਸਾਥੀਆਂ ਨਾਲ ਡਿਊਟੀ 'ਤੇ ਤਾਇਨਾਤ ਸੀ। ਲੈਂਡਸਲਾਈਡਿੰਗ ਦੌਰਾਨ ਇੱਕ ਪੱਥਰ ਸੁਖਪ੍ਰੀਤ 'ਤੇ ਆ ਕੇ ਡਿੱਗਿਆ ਅਤੇ ਉਹ ਫਿਸਲ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਤਾਇਆ ਅਨੁਸਾਰ ਸੁਖਪ੍ਰੀਤ ਨੇ ਬਾਰ੍ਹਵੀਂ ਤੋਂ ਬਾਅਦ ਫ਼ੌਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। 2019 ਵਿੱਚ ਉਹ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਟ੍ਰੇਨਿੰਗ ਲਈ ਗਿਆ। ਇਸੇ ਸਾਲ ਮਾਰਚ ਤੋਂ ਉਹ ਜੰਮੂ ਵਿੱਚ ਡਿਊਟੀ 'ਤੇ ਸੀ। ਲਗਭਗ ਤਿੰਨ ਮਹੀਨੇ ਪਹਿਲਾਂ ਹੀ ਸੁਖਪ੍ਰੀਤ ਛੁੱਟੀ 'ਤੇ ਪਿੰਡ ਆਇਆ ਸੀ। ਨਵੰਬਰ ਵਿੱਚ ਸੁਖਪ੍ਰੀਤ ਦਾ ਵਿਆਹ ਹੋਣਾ ਤੈਅ ਹੋਇਆ ਸੀ, ਪਿੰਡ ਥਰਾਜਵਾਲਾ ਦੀ ਲੜਕੀ ਨਾਲ ਉਸ ਦਾ ਰਿਸ਼ਤਾ ਪੱਕਾ ਹੋਇਆ ਸੀ। ਸੁਖਪ੍ਰੀਤ ਦੀ ਛੋਟੀ ਭੈਣ ਕਮਲਪ੍ਰੀਤ ਕੌਰ ਕੈਨੇਡਾ ਗਈ ਹੋਈ ਹੈ। ਸ਼ੁੱਕਰਵਾਰ ਨੂੰ ਉਸ ਦੇ ਵਾਪਸ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।