ਵਾਟਰ ਸਪਲਾਈ ਦਫਤਰ ਬਣਿਆ ਸੀਵਰੇਜ ਸਫਾਈ ਠੇਕੇਦਾਰ ਦਾ ਅੱਡਾ ਵਾਟਰ ਸਪਲਾਈ ਦਫਤਰ ਬਣਿਆ ਸੀਵਰੇਜ ਸਫਾਈ ਠੇਕੇਦਾਰ ਦਾ ਅੱਡਾ
Publish Date: Wed, 26 Aug 2026 05:52 PM (IST)
Updated Date: Wed, 26 Aug 2026 05:55 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਦਰਿਆ ਦਿਲੀ ਕਹੀਏ ਜਾਂ ਸੀਵਰੇਜ ਦੀ ਸਫਾਈ ਕਰਨ ਵਾਲੇ ਠੇਕੇਦਾਰ ਦੀ ‘ਹਿੰਮਤ’ ਕਿ ਸੀਵਰੇਜ ਸਫਾਈ ਮਜ਼ਦੂਰਾਂ ਦੀ ਰਿਹਾਇਸ਼ ਲਈ ਸਰਕਾਰੀ ਦਫਤਰ ਖਾਲ੍ਹੀ ਕਰਵਾ ਦਿੱਤਾ ਗਿਆ ਹੈ। ਠੇਕੇਦਾਰ ਨੇ ਠੇਕਾ 10 ਲੱਖ ਰੁਪਏ ’ਚ ਲਿਆ ਹੈ। ਠੇਕੇਦਾਰ ਦੇ ਕਰੀਬ ਡੇਢ ਦਰਜਨ ਮਜ਼ਦੂਰ ਸਰਕਾਰੀ ਦਫਤਰ ’ਚ ਸੌਂਦੇ ਹਨ, ਖਾਂਦੇ-ਪੀਂਦੇ ਹਨ, ਸਰਕਾਰੀ ਹੀਟਰ ’ਤੇ ਖਾਣਾ ਬਣਾਉਂਦੇ ਹਨ, ਸਰਕਾਰੀ ਕੂਲਰ ਦੀ ਹਵਾ ਲੈਂਦੇ ਹਨ, ਖੁੱਲ੍ਹੇ ’ਚ ਕੱਪੜੇ ਧੌਂਦੇ ਅਤੇ ਨਹਾਉਂਦੇ ਹਨ, ਸਿਗਰਟ-ਬੀੜੀ-ਜ਼ਰਦਾ-ਪਾਨ ਲਾਉਂਦੇ ਹਨ। ਹੋਰ ਤਾਂ ਹੋਰ ਵਿਭਾਗ ਦੇ ਕੈਮਰਿਆਂ ਦੀ ਡੀਵੀਡੀ ਵੀ ਮਜ਼ਦੂਰਾਂ ਵਾਲੇ ਕਮਰੇ ’ਚ ਲੱਗਿਆ ਹੈ। ਜਿਸ ਦਫਤਰ ’ਚ ਮਜ਼ਦੂਰਾਂ ਦੀ ਰਿਹਾਇਸ਼ ਹੈ ਉਹ ਦਫਤਰ ਸਬ ਡਵੀਜ਼ਨ ਨੰਬਰ 5 ਦੇ ਉਪ ਮੰਡਲ ਇੰਜੀਨੀਅਰ ਅਤੇ ਉਪ ਮੰਡਲ ਕਲਰਕਾਂ ਦਾ ਹੈ। ਇੱਥੋਂ ਕਰੀਬ 8 ਸਟਾਫ ਮੈਂਬਰਾਂ ਨੂੰ ਹਟਾਕੇ ‘ਸਕਾਡਾ’ ਵਿਖੇ ਸ਼ਿਫਟ ਕਰ ਦਿੱਤਾ ਜਿਥੇ ਪਹਿਲਾਂ ਹੀ ਸਟਾਫ ਬਹੁਤ ਜ਼ਿਅਦਾ ਹੈ। ਕਰਮਚਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਫਤਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਭੇਤ ਵੀ ਜਾਹਰ ਹੋ ਜਾਂਦੇ ਹਨ ਜੋ ਕਿ ਕਈ ਕਿਸਮ ਦੀਆਂ ਦਿੱਕਤਾਂ ਪੇਸ਼ ਕਰਦੇ ਹਨ। ਮਹਿਲਾ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਾਉਂਦੇ- ਧੋਂਦੇ ਅਤੇ ਅਰਾਮ ਕਰਦੇ ਤੇ ਖਾਣਾ ਖਾਂਦੇ ਮਜ਼ਦੂਰਾਂ ਦੇ ਵਿੱਚ ਦੀ ਲੰਘਕੇ ਜਾਣਾ ਪੈਂਦਾ ਹੈ ਜੋ ਕਿ ਬਹੁਤ ਪ੍ਰੇਸ਼ਾਨੀ ਕਰਨ ਵਾਲਾ ਹੈ। ਰਿਹਾਇਸ਼ ਤੋਂ ਬਿਨ੍ਹਾਂ ਸਫਾਈ ਵਾਲੇ ਅੱਧੀ ਦਰਜਨ ਵੱਡੇ ਟਰੱਕ ਵੀ ਦਫਤਰ ’ਚ ਖੜ੍ਹਦੇ ਹਨ। ਟਰੱਕਾਂ ਦੇ ਖੜ੍ਹਣ ਨਾਲ ਰਸਤਾ ਬੰਦ ਹੋ ਜਾਂਦਾ ਹੈ। ਟਰੱਕਾਂ ਵਿੱਚੋਂ ਸੀਵਰੇਜ ਦਾ ਗੰਦਾ ਮੁਸ਼ਕ ਮਾਰਦਾ ਹੈ। ਟਰੱਕਾਂ ਦੀ ਰਿਪੇਅਰ ਵੀ ਦਫਤਰ ’ਚ ਹੀ ਕੀਤੀ ਜਾਂਦੀ ਹੈ ਜਿਸ ਕਰਕੇ ਕੰਮਕਾਰ ਵਾਸਤੇ ਆਉਣ ਵਾਲੇ ਖਪਤਕਾਰਾਂ, ਕਰਮਚਾਰੀਆਂ ਅਤੇ ਸੈਰ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆਉਂਦੀ ਹੈ। ਫੁੱਟਪਾਥ ਬੰਦ ਕੀਤਾ ਗਿਆ ਹੈ। ਗੱਡੀਆਂ ਵਿੱਚੋਂ ਭੈੜਾ ਮੁਸ਼ਕ ਮਾਰਦਾ ਹੈ ਜਿਸ ਕਰਕੇ ਸੈਰ ਕਰਨ ਦਾ ਮਕਸਦ ਹੀ ਖਤਮ ਹੋ ਜਾਂਦਾ ਹੈ। ਜੇਈ ਨੂੰ ਹੋਰ ਕਮਰੇ ਵਾਸਤੇ ਕਿਹਾ ਹੈ : ਮਜ਼ਦੂਰ ਸਰਕਾਰੀ ਦਫਤਰ ਦੇ ਜਿਸ ਕਮਰੇ ਵਿੱਚ 15 ਮਜ਼ਦੂਰ ਅਤੇ 5 ਟਰੱਕਾਂ ਦੇ ਡਰਾਇਵਰ ਰਹਿ ਰਹੇ ਹਨ ਉਹ ਗਿਣਤੀ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਮਜ਼ਦੂਰ ਪਸ਼ੂਆਂ ਵਾਂਗ ਤੜੇ ਹੋਏ ਹਨ। ਉਥੇ ਹੀ ਖਾਂਦੇ, ਪੀਂਦੇ, ਸੌਂਦੇ ਹਨ। ਗਰਮੀ ’ਚ ਦਿੱਕਤ ਹੋਰ ਵੀ ਵੱਧ ਜਾਂਦੀ ਹੈ। ਇਕ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਨੇ ਜੇਈ ਨੂੰ ਹੋਰ ਕਮਰੇ ਵਾਸਤੇ ਕਿਹਾ ਹੈ। ਜੇਈ ਨੇ ਕਿਹਾ ਹੈ ਕਿ ਪ੍ਰਬੰਧ ਕਰਦੇ ਹਾਂ। ਪਰ ਇਸ ਦੌਰਾਨ ਜੇਈ ਜਲੌਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਠੇਕੇਦਾਰ ਦੀ ਬੇਨਤੀ ’ਤੇ ਦਿੱਤੀ ਰਿਹਾਇਸ਼ : ਐਕਸੀਅਨ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਫਾਈ ਲਈ ਵਿਭਾਗ ਵੱਲੋਂ 10 ਲੱਖ ਰੁਪਏ ’ਚ ਅਕਬਰ ਨਾਮ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਹੈ। ਠੇਕੇਦਾਰ ਦੀ ਬੇਨਤੀ ਤੇ ਉਸਦੇ ਸੁਪਰਵਾਈਜ਼ਰ ਅਤੇ ਲੇਬਰ ਵਾਸਤੇ ਉਸਨੂੰ ਕਮਰਾ ਦਿੱਤਾ ਹੈ। ਪਰ ਜੇਕਰ ਉਥੇ ਜ਼ਿਆਦਾ ਮਜ਼ਦੂਰ ਠਹਿਰੇ ਹਨ ਤਾਂ ਇਹ ਮਾੜੀ ਗੱਲ ਹੈ। ਇਸਦਾ ਜਲਦੀ ਹੀ ਕੋਈ ਹੱਲ ਕਰਦੇ ਹਾਂ।