ਪੀਐਮ ਮੋਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਆਧੁਨਿਕ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ ਪੀਐਮ ਮੋਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਆਧੁਨਿਕ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ
Publish Date: Fri, 17 Jul 2026 06:33 PM (IST)
Updated Date: Fri, 17 Jul 2026 06:34 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਲੰਧਰ ਕੈਂਟ ਤੋਂ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ ਕੀਤਾ। ਇਸ ਖ਼ਾਸ ਮੌਕੇ ’ਤੇ ਮੁਕਤਸਰ ਰੇਲਵੇ ਸਟੇਸ਼ਨ ’ਤੇ ਇੱਕ ਵਿਸ਼ਾਲ ਵਾਟਰ-ਪਰੂਫ ਟੈਂਟ ਲਗਾਇਆ ਗਿਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਭਿਆਨਕ ਗਰਮੀ ਦਾ ਮਾਹੌਲ ਸੀ, ਪਰ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੇਲਵੇ ਵਿਭਾਗ ਵੱਲੋਂ ਵਾਟਰ-ਪਰੂਫ ਟੈਂਟ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਸਮਾਗਮ ’ਚ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਐਸਡੀਐਮ ਗੁਰਕਿਰਨਦੀਪ ਸਿੰਘ ਸਿੱਧੂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਸੀਨੀਅਰ ਭਾਜਪਾ ਆਗੂ ਅਤੇ ਰਾਈਸ ਮਿੱਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ, ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਸਮੇਤ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਦੱਸ ਦੇਈਏ ਕਿ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 21.24 ਕਰੋੜ ਰੁਪਏ ਦੀ ਲਾਗਤ ਨਾਲ ਇਸ ਰੇਲਵੇ ਸਟੇਸ਼ਨ ਦਾ ਪੁਨਰ-ਵਿਕਾਸ ਕੀਤਾ ਗਿਆ ਹੈ। ਸਟੇਸ਼ਨ ਮਾਸਟਰ ਮਾਮਰਾਜ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮਕਸਦ ਪ੍ਰਮੁੱਖ ਸਟੇਸ਼ਨਾਂ ਨੂੰ ਆਧੁਨਿਕ ਬਣਾ ਕੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਅਨੁਭਵ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ਦੀ ਇਮਾਰਤ ਨੂੰ ਨਵਾਂ ਅਤੇ ਆਕਰਸ਼ਕ ਰੂਪ ਦਿੱਤਾ ਗਿਆ ਹੈ। ਮੁੱਖ ਪ੍ਰਵੇਸ਼ ਦੁਆਰ (ਐਂਟਰੀ ਗੇਟ) ਦਾ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਆਉਣ-ਜਾਣ ਲਈ ਵੱਖ-ਵੱਖ ਗੇਟ ਬਣਾਏ ਗਏ ਹਨ। ਸਟੇਸ਼ਨ ਦੇ ਕੇਂਦਰ ਵਿੱਚ ਰਾਸ਼ਟਰੀ ਝੰਡਾ ਲਹਿਰਾ ਰਿਹਾ ਹੈ। ਸਟੇਸ਼ਨ ਦੇ ਦੂਜੇ ਪਾਸੇ ਇੱਕ ਨਵਾਂ ਦੂਜਾ ਪ੍ਰਵੇਸ਼ ਦੁਆਰ ਵੀ ਬਣਾਇਆ ਗਿਆ ਹੈ। ਇਸਤੋਂ ਇਲਾਵਾ, 12 ਮੀਟਰ ਚੌੜਾ ਆਧੁਨਿਕ ਰੂਫ ਪਲਾਜ਼ਾ, ਐਗਜ਼ੀਕਿਊਟਿਵ ਲਾਉਂਜ, ਪੋਰਚ, ਏਅਰ-ਕੰਡੀਸ਼ਨਡ (ਵਾਤਾਨੁਕੂਲਿਤ) ਵੇਟਿੰਗ ਰੂਮ, ਜਨਰਲ ਵੇਟਿੰਗ ਰੂਮ, ਬੁਕਿੰਗ ਦਫ਼ਤਰ, ਵਾਟਰ ਬੂਥ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਆਰਓ ਸਿਸਟਮ ਲਗਾਇਆ ਗਿਆ ਹੈ। ਪਖਾਨਿਆਂ, ਸਟੇਸ਼ਨ ਸੁਪਰਡੈਂਟ ਦੇ ਕਮਰੇ ਅਤੇ ਵੇਟਿੰਗ ਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਦਿਵਿਆਂਗਜਨਾਂ (ਅੰਗਹੀਣਾਂ) ਲਈ ਰੈਂਪ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੀ ਸਹੂਲਤ ਦਿੱਤੀ ਗਈ ਹੈ। ਸਟੇਸ਼ਨ ਕੰਪਲੈਕਸ ਦੇ ਨਾਲ ਲੱਗਦੀ ਸੜਕ, ਫੁੱਟਪਾਥ ਅਤੇ ਹੋਰ ਬੁਨਿਆਦੀ ਢਾਂਚੇ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਸਟੇਸ਼ਨ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ। ਪਹਿਲਾਂ ਸਟੇਸ਼ਨ ਦੀ ਇਮਾਰਤ ਪੁਰਾਣੀ ਸੀ ਅਤੇ ਸ਼ੈੱਡ ਛੋਟੇ ਸਨ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਸੀ। ਹੁਣ ਇਨ੍ਹਾਂ ਆਧੁਨਿਕ ਸਹੂਲਤਾਂ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਥਾਨਕ ਲੋਕਾਂ ਨੇ ਇਸ ਪੁਨਰ-ਵਿਕਾਸ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਹੁਣ ਇੱਥੋਂ ਲੰਬੀ ਦੂਰੀ ਦੀਆਂ ਰੇਲਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸਟੇਸ਼ਨ ਮਾਸਟਰ ਅਨੁਸਾਰ, ਯਾਤਰੀਆਂ ਦੀ ਗਿਣਤੀ ਵਧਣ ਤੇ ਹੀ ਨਵੀਆਂ ਟ੍ਰੇਨਾਂ ਚਲਾਉਣੀਆਂ ਸੰਭਵ ਹੋ ਸਕਣਗੀਆਂ।