ਦੋ ਦਿਨ ਪਹਿਲਾਂ ਚਾਲੂ ਕੀਤੇ ਪੁਲ਼ ’ਤੇ ਪਲਟੇ ਵਾਹਨ ਨੈਸ਼ਨਲ ਹਾਈਵੇਅ ਵੱਲੋਂ ਦੋ ਦਿਨ ਪਹਿਲਾਂ ਚਾਲੂ ਕੀਤੇ ਪੁੱਲ ’ਤੇ ਪਲਟੇ ਵਾਹਨ, ਲੋਕ ਪ੍ਰੇਸ਼ਾਨ
Publish Date: Tue, 22 Sep 2026 04:35 PM (IST)
Updated Date: Tue, 22 Sep 2026 04:36 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨੈਸ਼ਨਲ ਹਾਈਵੇਅ ਵੱਲੋਂ ਮੁਕਤਸਰ-ਕੋਟਕਪੂਰਾ ਮੁੱਖ ਮਾਰਗ ’ਤੇ ਪਿੰਡ ਵੜਿੰਗ ਨੇੜੇ ਡਰੇਨ ਉੱਪਰ ਨਵੇਂ ਬਣਾਏ ਗਏ ਪੁਲ ਨੂੰ ਆਵਾਜਾਈ ਲਈ ਚਾਲੂ ਕੀਤਿਆਂ ਹਾਲੇ ਮਹਿਜ਼ ਦੋ ਦਿਨ ਹੀ ਹੋਏ ਹਨ ਕਿ ਪ੍ਰਸ਼ਾਸਨ ਅਤੇ ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਇੱਥੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੜਕ ਅਤੇ ਪੁਲ ਦੇ ਜੋੜ ਵਿਚਕਾਰ ਬਣੇ ਡੂੰਘੇ ਖੱਡੇ ਕਾਰਨ ਕਈ ਟਰੱਕ, ਟਰੈਕਟਰ, ਕਾਰਾਂ ਅਤੇ ਬੱਸਾਂ ਦੁਰਘਟਨਾਗ੍ਰਸਤ ਹੋ ਕੇ ਨੁਕਸਾਨੀਆਂ ਗਈਆਂ ਹਨ। ਗੁਆਂਢੀ ਸੂਬੇ ਤੋਂ ਆਇਆ ਬੋਰੀਆਂ ਦਾ ਭਰਿਆ ਇੱਕ ਟਰੱਕ ਪੁਲ ’ਤੇ ਚੜ੍ਹਦਿਆਂ ਹੀ ਅਚਾਨਕ ਪਲਟ ਗਿਆ। ਟਰੱਕ ਮਾਲਕ ਨੇ ਦੱਸਿਆ ਕਿ ਉਹ ਬਹੁਤ ਹੀ ਧੀਮੀ ਰਫ਼ਤਾਰ ਨਾਲ ਆ ਰਹੇ ਸਨ, ਪਰ ਪੁਲ ਅਤੇ ਸੜਕ ਦੇ ਜੋੜ ਵਿਚਕਾਰ ਪਈ ਕੱਚੀ ਮਿੱਟੀ ਦੇ ਹੇਠਾਂ ਬਣਿਆ ਕਰੀਬ ਡੇਢ ਫੁੱਟ ਡੂੰਘਾ ਖੱਡਾ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ। ਜਿਵੇਂ ਹੀ ਟਰੱਕ ਦਾ ਪਹੀਆ ਮਿੱਟੀ ਉੱਪਰ ਚੜ੍ਹਿਆ ਤਾਂ ਮਿੱਟੀ ਧੱਸ ਗਈ ਅਤੇ ਟਰੱਕ ਸੜਕ ਉੱਪਰ ਪਲਟ ਗਿਆ। ਹਾਦਸੇ ’ਚ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਇਸੇ ਖੱਡੇ ਕਾਰਨ ਲੱਕੜਾਂ ਨਾਲ ਭਰਿਆ ਇੱਕ ਟਰੈਕਟਰ ਵੀ ਦੁਰਘਟਨਾਗ੍ਰਸਤ ਹੋ ਗਿਆ। ਇਸਤੋਂ ਇਲਾਵਾ ਇੱਥੋਂ ਲੰਘਣ ਵਾਲੀਆਂ ਕਈ ਕਾਰਾਂ ਅਤੇ ਬੱਸਾਂ ਦੇ ਹੇਠਲੇ ਹਿੱਸੇ (ਚੈਸੀ) ਪੁਲ ਦੀ ਸਲੈਬ ਨਾਲ ਵੱਜ ਕੇ ਬੁਰੇ ਤਰੀਕੇ ਨਾਲ ਨੁਕਸਾਨੇ ਜਾ ਰਹੇ ਹਨ। ਸੜਕ ਅਤੇ ਪੁਲ ਉੱਪਰ ਮਿੱਟੀ ਦੇ ਢੇਰ ਲੱਗੇ ਹੋਣ ਕਰਕੇ ਜਦੋਂ ਵੀ ਕੋਈ ਤੇਜ਼ ਰਫ਼ਤਾਰ ਵਾਹਨ ਲੰਘਦਾ ਹੈ ਤਾਂ ਬੇਤਹਾਸ਼ਾ ਧੂੜ ਉੱਡਦੀ ਹੈ, ਜੋ ਪਿੱਛੇ ਆਉਂਦੇ ਵਾਹਨ ਚਾਲਕਾਂ ਦੀ ਦ੍ਰਿਸ਼ਟਤਾ ਜ਼ੀਰੋ ਕਰ ਦਿੰਦੀ ਹੈ। ਪੁਲ ਦੇ ਨਿਰਮਾਣ ਸਮੇਂ ਖੇਤਾਂ ਵਿੱਚੋਂ ਬਣਾਇਆ ਗਿਆ ਬਦਲਵਾਂ ਰਸਤਾ ਇਸ ਨਾਲੋਂ ਵੀ ਜ਼ਿਆਦਾ ਖ਼ਰਾਬ ਅਵਸਥਾ ਵਿੱਚ ਹੈ, ਜਿਸ ਕਾਰਨ ਲੋਕ ਮਜਬੂਰੀਵਸ ਇਸ ਖ਼ਤਰਨਾਕ ਪੁਲ ਤੋਂ ਲੰਘਣ ਲਈ ਮਜਬੂਰ ਹਨ। ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ ਪੁੱਲ ’ਤੇ ਦੋ ਦਿਨਾਂ ’ਚ ਹੀ ਸੈਂਕੜੇ ਵਾਹਨ ਹਾਦਸਾ ਗ੍ਰਸਤ ਹੋਣ ਤੋਂ ਗੁੱਸੇ ਵਿੱਚ ਆਏ ਲੋਕਾਂ ਟਰੱਕ ਚਾਲਕ ਰਮੇਸ਼ ਕੁਮਾਰ, ਪਰਵਿੰਦਰ ਸਿੰਘ, ਗਨੇਸ਼ ਨਾਥ ਹੋਰਾਂ ਨੇ ਸਰਕਾਰ ਪਾਸੋਂ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਤੇ ਰਾਹਗੀਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ। ਹਾਲੇ ਕੁੱਝ ਦਿਨ ਹੋਰ ਲਗਣਗੇ : ਜੇਈ (ਐੱਨਐੱਚ) ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਜੂਨੀਅਨ ਇੰਜੀਨੀਅਰ ਤੇਗਬੀਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਸਮੱਸਿਆ ਹੈ। ਇਸਦੇ ਹੱਲ ਸੜਕ ਉਪਰ ਪੱਥਰ ਪਾ ਕੇ ਅਤੇ ਲੁੱਕ ਬਜਰੀ ਪਾ ਕੇ ਕੀਤਾ ਜਾਵੇਗਾ। ਇਸ ਵਾਸਤੇ ਕੁੱਝ ਦਿਨ ਦਾ ਸਮਾਂ ਲੱਗੇਗਾ।