ਸਬਜ਼ੀਆਂ ਦੇ ਭਾਅ ਹੋਏ ਬੇਲਗਾਮ, ਪਿਆਜ਼ ਨੇ ਵਿਗਾੜਿਆ ਰਸੋਈ ਦਾ ਬਜਟ ਤਿਓਹਾਰਾਂ ਤੋਂ ਪਹਿਲਾਂ ਸਬਜ਼ੀਆਂ ਦੇ ਭਾਅ ਹੋਏ ਬੇਲਗਾਮ
Publish Date: Sun, 23 Aug 2026 05:56 PM (IST)
Updated Date: Sun, 23 Aug 2026 05:57 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਤਿਓਹਾਰਾਂ ਦਾ ਸੀਜ਼ਨ ਆਉਂਦੇ ਹੀ ਖਾਣ-ਪੀਣ ਵਾਲੀਆਂ ਵਸਤੂਆਂ ਦੇ ਭਾਅ ਵਧ ਗਏ ਹਨ, ਉੱਥੇ ਹੀ ਪਹਾੜੀ ਰਾਜਾਂ ’ਚ ਬਾਰਿਸ਼ ਕਾਰਨ ਸਬਜ਼ੀਆਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ। ਹਰ ਸਬਜ਼ੀ ’ਚ ਸਵਾਦ ਲਈ ਪਾਇਆ ਜਾਣ ਵਾਲਾ ਪਿਆਜ਼ ਸਭ ਤੋਂ ਵੱਧ ਪ੍ਰੇਸ਼ਾਨ ਕਰ ਰਿਹਾ ਹੈ। ਜੋ ਪਿਆਜ਼ ਇੱਕ ਮਹੀਨਾ ਪਹਿਲਾਂ 20 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਸੀ, ਉਹ ਅੱਜ 70 ਰੁਪਏ ਤੱਕ ਪਹੁੰਚ ਗਿਆ ਹੈ। ਇਸ ਕਾਰਨ ਘਰਾਂ ’ਚੋਂ ਤਾਂ ਪਿਆਜ਼ ਗਾਇਬ ਹੋਣ ਹੀ ਲੱਗਾ ਸੀ, ਹੁਣ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਸਲਾਦ ਤੇ ਬਰਗਰਾਂ ਚੋਂ ਵੀ ਪਿਆਜ਼ ਘੱਟ ਹੋਣ ਲੱਗਾ ਹੈ। ਇਸਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵਧਣ ਕਾਰਨ ਗ੍ਰਹਿਣੀਆਂ ਨੇ ਵੀ ਕੁਝ ਸਬਜ਼ੀਆਂ ਤੋਂ ਦੂਰੀ ਬਣਾ ਕੇ ਦਾਲਾਂ ਨਾਲ ਨਾਤਾ ਜੋੜਨਾ ਸ਼ੁਰੂ ਕਰ ਦਿੱਤਾ ਹੈ। ਮਾਨਸੂਨ ’ਚ ਭਾਵੇਂ ਪੰਜਾਬ ’ਚ ਹਾਲੇ ਬਹੁਤੀ ਬਰਸਾਤ ਨਹੀਂ ਹੈ, ਪਰ ਯੂਪੀ ਅਤੇ ਹਿਮਾਚਲ ਪ੍ਰਦੇਸ਼ ਚ ਜ਼ਿਆਦਾ ਬਰਸਾਤ ਹੋਣ ਕਾਰਨ ਪਹਾੜੀ ਖੇਤਰ ਹੋਣ ਕਰਕੇ ਸਮਾਨ ਦੀ ਸਪਲਾਈ ’ਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ। ਇਹੋ ਕਾਰਨ ਹੈ ਕਿ ਸਪਲਾਈ ’ਚ ਹਾਲੇ ਤੇਜ਼ੀ ਨਹੀਂ ਹੈ, ਜਿਸ ਕਰਕੇ ਸਬਜ਼ੀਆਂ ਦੇ ਭਾਅ ਵਧ ਰਹੇ ਹਨ। ਜਿਵੇਂ ਹੀ ਇਹ ਸਪਲਾਈ ਆਮ ਵਾਂਗ ਹੋਵੇਗੀ, ਰੇਟ ਘੱਟ ਹੋ ਜਾਣਗੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸਬਜ਼ੀ ਮੰਡੀ ਦੇ ਥੋਕ ਵਪਾਰੀ ਮੁਕੇਸ਼ ਨੇ ਦੱਸਿਆ ਕਿ ਪਿਆਜ਼ ਅਤੇ ਹੋਰ ਸਬਜ਼ੀਆਂ ਦੇ ਭਾਅ ਵਧਣ ਨਾਲ ਇਸਦੀ ਵਿਕਰੀ ਘੱਟ ਜ਼ਰੂਰ ਹੋਈ ਹੈ, ਪਰ ਲੋਕਾਂ ਨੇ ਪੂਰੀ ਤਰ੍ਹਾਂ ਖਰੀਦਣਾ ਬੰਦ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਥਾਨਕ ਪਿਆਜ਼ ਅਤੇ ਸਬਜ਼ੀਆਂ ਖ਼ਤਮ ਹੋ ਚੁੱਕੀਆਂ ਹਨ। ਇਸ ਸਮੇਂ ਬਾਹਰਲੇ ਰਾਜਾਂ ਤੋਂ ਸਮਾਨ ਘੱਟ ਆਉਣ ਕਾਰਨ ਰੇਟਾਂ ਦਾ ਉਛਾਲਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ। ਹਾਲੇ ਤਾਂ ਪਿਆਜ਼ ਦੇ ਭਾਅ ’ਚ ਕਮੀ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਸਲਾਦ ਚੋਂ ਪਿਆਜ਼ ਨੂੰ ਕੀਤਾ ਬਾਹਰ ਬਾਰਿਸ਼ ਕਾਰਨ ਸਬਜ਼ੀਆਂ ਦੇ ਵਧ ਰਹੇ ਭਾਅ ਬਾਰੇ ਹੋਟਲ ਅਤੇ ਢਾਬਾ ਸੰਚਾਲਕਾਂ ਵਿਸ਼ਵਜੀਤ ਅਤੇ ਪਾਲ ਨੇ ਕਿਹਾ ਕਿ ਹੋਟਲਾਂ ਤੇ ਰੈਸਟੋਰੈਂਟਾਂ ਚ ਸਬਜ਼ੀਆਂ ਚ ਪਿਆਜ਼ ਪਾਉਣਾ ਉਨ੍ਹਾਂ ਦੀ ਮਜ਼ਬੂਰੀ ਹੈ, ਕਿਉਂਕਿ ਪਿਆਜ਼ ਤੋਂ ਬਿਨਾਂ ਸਬਜ਼ੀ ਚ ਸਵਾਦ ਨਹੀਂ ਆਉਂਦਾ। ਇਸਤੋਂ ਇਲਾਵਾ ਉਹ ਆਪਣੇ ਹੋਟਲਾਂ ਚ ਸਬਜ਼ੀਆਂ ਦੇ ਭਾਅ ਵੀ ਨਹੀਂ ਵਧਾ ਸਕਦੇ, ਕਿਉਂਕਿ ਅਜਿਹਾ ਕਰਨ ਨਾਲ ਗਾਹਕ ਖ਼ਰਾਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਆਜ਼ ਦੇ ਰੇਟ ਹੋਰ ਵਧੇ ਤਾਂ ਉਨ੍ਹਾਂ ਨੂੰ ਪਿਆਜ਼ ਦਾ ਕੋਈ ਦੂਜਾ ਬਦਲ ਸੋਚਣਾ ਪਵੇਗਾ, ਨਹੀਂ ਤਾਂ ਉਨ੍ਹਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਸਲਾਦ ਚੋਂ ਪਿਆਜ਼ ਨੂੰ ਕੱਢ ਦਿੱਤਾ ਗਿਆ ਹੈ। ਕੇਂਦਰ ਤੇ ਸੂਬਾ ਸਰਕਾਰ ਭਾਅ ਕਰੇ ਕੰਟਰੋਲ ਗ੍ਰਹਿਣੀ ਸਪਨਾ ਤੇ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਹਰ ਚੀਜ਼ ਦੇ ਭਾਅ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤਾਂ ਦੇ ਮੌਸਮ ਚ ਸਬਜ਼ੀਆਂ ਮਹਿੰਗੀਆਂ ਮਿਲਣ ਲੱਗਦੀਆਂ ਹਨ, ਜਿਸ ਕਾਰਨ ਰਸੋਈ ਦਾ ਬਜਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਪਹਿਲਾਂ 10 ਤੋਂ 20 ਰੁਪਏ ਚ ਮਿਲਣ ਵਾਲੀ ਸਬਜ਼ੀ ਅੱਜ 60 ਤੋਂ 70 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਰਹੀ ਹੈ। ਸਰਕਾਰ ਮਹਿੰਗਾਈ ਤੇ ਕੰਟਰੋਲ ਕਰੇ। ਗ੍ਰਹਿਣੀ ਜੋਤੀ ਨੇ ਕਿਹਾ ਕਿ ਘਰ ਦੀ ਰਸੋਈ ਦੀ ਜ਼ਿੰਮੇਵਾਰੀ ਔਰਤਾਂ ਦੀ ਹੁੰਦੀ ਹੈ। ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਨਾਲ ਘਰ ਦੀ ਰਸੋਈ ਦਾ ਬਜਟ ਵਿਗੜ ਚੁੱਕਾ ਹੈ, ਜਿਸ ਕਾਰਨ ਉਹ ਹੁਣ ਸਬਜ਼ੀਆਂ ਘੱਟ ਅਤੇ ਦਾਲਾਂ ਜ਼ਿਆਦਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰੇ। ਸਬਜ਼ੀਆਂ ਪਹਿਲਾਂ (ਰੁਪਏ) ਹੁਣ (ਰੁਪਏ) ਪਿਆਜ਼ 20 70 ਟਮਾਟਰ 40 80 ਗੋਭੀ 60 100 ਲੌਕੀ 40 80 ਹਰਾ ਮਟਰ 60 120 ਬੈਂਗਣ 40 70 ਗਾਜਰ 30 80 ਸ਼ਿਮਲਾ ਮਿਰਚ 40 100 ਹਰੀ ਮਿਰਚ 10 100 ਪੱਤਾ ਗੋਭੀ 20 40