ਮੁਕਤਸਰ ’ਚ ਸਮੋਸਿਆਂ ਵਾਲੀ ਦੁਕਾਨ ’ਤੇ ਭੰਨ-ਤੋੜ ਮੁਕਤਸਰ ’ਚ ਸਮੋਸਿਆਂ ਵਾਲੀ ਦੁਕਾਨ ’ਤੇ ਭੰਨ-ਤੋੜ
Publish Date: Fri, 13 Nov 2026 06:50 PM (IST)
Updated Date: Fri, 13 Nov 2026 06:51 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਫਾਟਕ ਪਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਮਸ਼ਹੂਰ ‘ਭਾਨਾ ਸਮੋਸੇ ਵਾਲਾ’ ਦੀ ਦੁਕਾਨ ’ਤੇ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ 25-30 ਨੌਜਵਾਨਾਂ ਨੇ ਆ ਕੇ ਭੰਨ-ਤੋੜ ਕੀਤੀ। ਹਮਲਾ ਇੰਨਾ ਅਚਾਨਕ ਹੋਇਆ ਕਿ ਦੁਕਾਨ ਮਾਲਕ ਤੇ ਕਰਮਚਾਰੀਆਂ ਸਮੇਤ ਆਸ-ਪਾਸ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਦੁਕਾਨਦਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ‘ਭਾਨਾ ਸਮੋਸੇ ਵਾਲਾ’ ਨਾਮ ਨਾਲ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਭਾਨ ਚੰਦ ਦੀ ਦੁਕਾਨ ’ਤੇ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ 25 ਤੋਂ 30 ਵਿਅਕਤੀ ਆਏ ਅਤੇ ਇੱਕਦਮ ਹਮਲਾ ਕਰਦਿਆਂ ਦੁਕਾਨ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਹਮਲਾਵਰਾਂ ਨੇ ਜਿੱਥੇ ਮੇਜ਼, ਕੁਰਸੀਆਂ ਅਤੇ ਬਾਲਟੀਆਂ ਆਦਿ ਭੰਨ-ਤੋੜ ਦਿੱਤੀਆਂ, ਉੱਥੇ ਹੀ ਮੌਕੇ ’ਤੇ ਬਣਾਏ ਜਾ ਰਹੇ ਸਮੋਸੇ ਅਤੇ ਗਰਮ ਤੇਲ ਆਦਿ ਵੀ ਖਿਲਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਆਪਸੀ ਰੰਜਿਸ਼ ਦਾ ਨਤੀਜਾ ਹੈ। ਮੌਕੇ ’ਤੇ ਮੌਜੂਦ ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਗੁਰਦਿੱਤਾ ਸਿੰਘ ਨੇ ਦੱਸਿਆ ਕਿ ਕਰੀਬ 25 ਤੋਂ 30 ਵਿਅਕਤੀਆਂ ਨੇ ਦੁਕਾਨ ’ਤੇ ਹਮਲਾ ਕਰਕੇ ਭੰਨ-ਤੋੜ ਕੀਤੀ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਭੰਨ-ਤੋੜ ਕਰਨ ਵਾਲੇ ਕੌਣ ਹਨ ਅਤੇ ਇਸ ਪਿੱਛੇ ਕੀ ਕਾਰਨ ਹੈ। ਉਨ੍ਹਾਂ ਕਿਹਾ ਕਿ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।