ਦੋਦਾ ’ਚ ਪੀਆਰਟੀਸੀ ਬੱਸ ਮੁਲਾਜ਼ਮਾਂ ਦਾ ਹੰਗਾਮਾ, ਮੁਕਤਸਰ-ਬਠਿੰਡਾ ਮਾਰਗ ਕੀਤਾ ਜਾਮ ਪਿੰਡ ਦੋਦਾ ’ਚ ਪੀਆਰਟੀਸੀ ਬੱਸ ਮੁਲਾਜ਼ਮਾਂ ਦਾ ਹੰਗਾਮਾ, ਮੁਕਤਸਰ-ਬਠਿੰਡਾ ਮਾਰਗ ਕੀਤਾ ਜਾਮ
Publish Date: Sun, 23 Aug 2026 05:08 PM (IST)
Updated Date: Sun, 23 Aug 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ’ਚ ਪੀਆਰਟੀਸੀ ਬੱਸ ਦੇ ਕੰਡਕਟਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਤੋਂ ਨਾਰਾਜ਼ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਰਕੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਮਾਰਗ ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨ ਕਾਰਨ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਯਾਤਰੀਆਂ ਸਮੇਤ ਹੋਰ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੀਆਰਟੀਸੀ ਕੰਡਕਟਰ ਹਰਤਾਰ ਸ਼ਰਮਾ, ਚਾਲਕ ਹਰਪ੍ਰੀਤ ਸਿੰਘ ਅਤੇ ਮੁਲਾਜ਼ਮ ਪ੍ਰੇਮ ਚੰਦ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਪੀਆਰਟੀਸੀ ਬੱਸ ਨੰਬਰ ਪੀਬੀ-03-ਏਜੇ-5542 ਰਾਹੀਂ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਮਾਨਸਾ ਜਾ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਬੱਸ ਦੋਦਾ ਪਹੁੰਚੀ ਤਾਂ ਇੱਕ ਯਾਤਰੀ ਨਾਲ ਮੌਜੂਦ ਕੁਝ ਨੌਜਵਾਨਾਂ ਨੇ ਬੱਸ ਨੂੰ ਨਿਰਧਾਰਤ ਬੱਸ ਅੱਡੇ ਤੋਂ ਪਹਿਲਾਂ ਰੁਕਵਾ ਲਿਆ। ਇਸਤੋਂ ਬਾਅਦ ਨੌਜਵਾਨਾਂ ਨੇ ਬੱਸ ਨੂੰ ਘੇਰ ਲਿਆ ਅਤੇ ਕੰਡਕਟਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੇ ਬੱਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਸੜਕ ਦੇ ਵਿਚਕਾਰ ਰੋਕ ਦਿੱਤਾ। ਇਸ ਘਟਨਾ ਤੋਂ ਗੁੱਸੇ ’ਚ ਆਏ ਪੀਆਰਟੀਸੀ ਮੁਲਾਜ਼ਮਾਂ ਨੇ ਵਿਰੋਧ ਵਜੋਂ ਕਈ ਬੱਸਾਂ ਨੂੰ ਸੜਕ ਤੇ ਖੜ੍ਹਾ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਇੱਕ ਘੰਟਾ ਮਾਰਗ ਜਾਮ ਰਹਿਣ ਕਾਰਨ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਕਈ ਨਿੱਜੀ ਵਾਹਨ ਅਤੇ ਹੋਰ ਬੱਸਾਂ ਲੰਬੇ ਸਮੇਂ ਤੱਕ ਫਸੀਆਂ ਰਹੀਆਂ। ਬੱਸਾਂ ਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਵਿਚਕਾਰ ਰਸਤੇ ਚ ਇੰਤਜ਼ਾਰ ਕਰਨਾ ਪਿਆ, ਜਦਕਿ ਕਈ ਲੋਕਾਂ ਨੂੰ ਪੈਦਲ ਜਾਂ ਵਿਕਲਪਿਕ ਸਾਧਨਾਂ ਨਾਲ ਅੱਗੇ ਦਾ ਸਫ਼ਰ ਤੈਅ ਕਰਨਾ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਟਭਾਈ ਦੇ ਐੱਸਐੱਚਓ ਦਵਿੰਦਰ ਕੁਮਾਰ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਕੁੱਟਮਾਰ ਦੀ ਘਟਨਾ ਦੇ ਕਾਰਨਾਂ ਅਤੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।