ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਕੀਤਾ ਲੋਕਾਂ ਦਾ ਜੀਣਾ ਹਰਾਮ ਸ੍ਰੀ ਮੁਕਤਸਰ ਸਾਹਿਬ 'ਚ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਕੀਤਾ ਲੋਕਾਂ ਦਾ ਜੀਣਾ ਹਰਾਮ
Publish Date: Sat, 12 Sep 2026 03:36 PM (IST)
Updated Date: Sun, 13 Sep 2026 04:02 AM (IST)
-ਰਾਤ ਨੂੰ 5 ਤੋਂ 6 ਘੰਟੇ ਲੱਗ ਰਹੇ ਕੱਟ, ਕਾਰੋਬਾਰ ਵੀ ਹੋਏ ਪ੍ਰਭਾਵਿਤ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ ਪਾਵਰਕਾਮ ਵੱਲੋਂ ਰਾਤ ਦੇ ਸਮੇਂ ਲਗਾਤਾਰ 5 ਤੋਂ 6 ਘੰਟੇ ਤੱਕ ਬਿਜਲੀ ਕੱਟ ਲਗਾਏ ਜਾਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਹੁੰਮਸ ਭਰੀ ਗਰਮੀ ’ਚ ਘੰਟਿਆਂ ਬੱਧੀ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਦੀ ਨੀਂਦ ਪੂਰੀ ਨਹੀਂ ਹੋ ਰਹੀ, ਉੱਥੇ ਹੀ ਦਿਨ ਵੇਲੇ ਵੀ ਵਾਰ-ਵਾਰ ਬਿਜਲੀ ਜਾਣ ਨਾਲ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਣ-ਐਲਾਨੇ ਕੱਟਾਂ ਕਾਰਨ ਘਰੇਲੂ ਜ਼ਿੰਦਗੀ ਤੋਂ ਲੈ ਕੇ ਵਪਾਰ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌੜ ਰੋਡ ਦੇ ਰਹਿਣ ਵਾਲੇ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਕੱਟਾਂ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਅਤੇ ਮੱਧਮ ਵਰਗ ਦੇ ਪਰਿਵਾਰਾਂ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਕੰਮ ਕਰਨ ਤੋਂ ਬਾਅਦ ਰਾਤ ਨੂੰ ਆਰਾਮ ਦਾ ਸਮਾਂ ਹੁੰਦਾ ਹੈ, ਪਰ ਉਸੇ ਦੌਰਾਨ ਬਿਜਲੀ ਚਲੇ ਜਾਣ ਕਾਰਨ ਲੋਕਾਂ ਨੂੰ ਪੂਰੀ ਰਾਤ ਜਾਗ ਕੇ ਲੰਘਾਉਣੀ ਪੈਂਦੀ ਹੈ। ਗਰਮੀ ਅਤੇ ਹੁੰਮਸ ਕਾਰਨ ਘਰਾਂ ’ਚ ਰਹਿਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕਈ ਦਿਨਾਂ ਤੋਂ ਰਾਤ ਨੂੰ ਲੰਬੇ ਕੱਟ ਲੱਗਣ ਕਾਰਨ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ਵੀ ਪ੍ਰਭਾਵਿਤ ਹੋ ਰਹੀ ਹੈ। ਨੌਜਵਾਨ ਕੁਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਤੋਂ ਇਲਾਵਾ ਪਿੰਡਾਂ ’ਚ ਵੀ ਬਿਜਲੀ ਦੇ ਲੰਮੇ ਲੰਮੇ ਕੱਟ ਰਾਤ ਨੂੰ ਲੱਗ ਰਹੇ ਹਨ। ਉਸਨੇ ਕਿਹਾ ਕਿ ਇਨ੍ਹਾਂ ਕੱਟਾਂ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਭਰ ਕੰਮ ਕਾਰ ਤੋਂ ਥੱਕੇ ਇਨਸਾਨ ਨੇ ਰਾਤ ਨੂੰ ਆਰਾਮ ਕਰਨਾ ਹੁੰਦਾ ਹੈ ਪਰ ਜਦ ਬਿਜਲੀ ਵੀ ਨਹੀਂ ਹੁੰਦੀ ਤਾਂ ਹੁਮਸ ਭਰੀ ਗਰਮੀ ਅੰਦਰ ਬੇਚੈਨੀ ਪੈਦਾ ਹੁੰਦੀ ਹੈ ਜਿਸ ਕਾਰਨ ਰਾਤ ਨੂੰ ਸੌਣਾ ਵੀ ਨਸੀਬ ਨਹੀਂ ਹੁੰਦਾ। ਪੇਂਟਰ ਓਮ ਪ੍ਰਕਾਸ਼ ਵਾਸੀ ਕਰਮਪੁਰਾ ਬਸਤੀ ਨੇ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਰਾਤ ਨੂੰ ਸੌਣਾ ਵੀ ਮੁਹਾਲ ਹੋ ਗਿਆ ਹੈ। ਉਸ ਨੇ ਕਿਹਾ ਕਿ ਦਿਨ ਭਰ ਕੰਮ ਕਾਰ ਕਰਦੇ ਹਾਂ ਅਤੇ ਰਾਤ ਨੂੰ ਹੀ ਚੈਨ ਨਾਲ ਸੌਣਾ ਹੁੰਦਾ ਹੈ ਪਰ ਬਿਜਲੀ ਕੱਟਾਂ ਕਾਰਨ ਇਨੀ ਪ੍ਰੇਸ਼ਾਨੀ ਹੁੰਦੀ ਹੈ ਕਿ ਸੌਣਾ ਵੀ ਔਖਾ ਹੋ ਜਾਂਦਾ ਹੈ। ਉਸ ਨੇ ਕਿਹਾ ਕਿ ਇਸਤੋਂ ਇਲਾਵਾ ਦੁਕਾਨਦਾਰਾਂ ਦਾ ਫਰਿਜਾਂ ’ਚ ਰੱਖਿਆ ਹੋਇਆ ਸਮਾਨ ਵੀ ਖਰਾਬ ਹੋ ਜਾਂਦਾ ਹੈ -ਦਿਨ ਵੇਲੇ ਕੱਟਾਂ ਤੋਂ ਦੁਕਾਨਦਾਰ ਪ੍ਰੇਸ਼ਾਨ ਸ਼ਹਿਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਰਾਤ ਤੱਕ ਹੀ ਸੀਮਤ ਨਹੀਂ ਹੈ। ਦਿਨ ਦੇ ਸਮੇਂ ਵੀ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਕਈ ਦੁਕਾਨਾਂ ’ਤੇ ਗ੍ਰਾਹਕ ਜ਼ਰੂਰੀ ਕੰਮਾਂ ਲਈ ਆਉਂਦੇ ਹਨ, ਪਰ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪੈਂਦਾ ਹੈ। ਇਸ ਨਾਲ ਦੁਕਾਨਦਾਰਾਂ ਦੀ ਵਿਕਰੀ ’ਤੇ ਸਿੱਧਾ ਅਸਰ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਕੰਮਕਾਜ ਵੀ ਠੱਪ ਹੋ ਰਿਹਾ ਹੈ। ਇਲੈਕਟ੍ਰੌਨਿਕਸ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੇ ਦੱਸਿਆ ਕਿ ਬਿਜਲੀ ਕੱਟਾਂ ਕਾਰਨ ਮੁਰੰਮਤ ਦਾ ਕੰਮ, ਉਪਕਰਨਾਂ ਦੀ ਜਾਂਚ ਅਤੇ ਤਕਨੀਕੀ ਟੈਸਟਿੰਗ ਵਰਗੇ ਕਈ ਜ਼ਰੂਰੀ ਕੰਮ ਰੁਕ ਜਾਂਦੇ ਹਨ। ਬਿਜਲੀ ਵਾਰ-ਵਾਰ ਆਉਣ-ਜਾਣ ਨਾਲ ਨਾਜ਼ੁਕ ਉਪਕਰਨਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਸਮੇਂ ’ਤੇ ਸੇਵਾਵਾਂ ਨਾ ਮਿਲਣ ਕਾਰਨ ਉਨ੍ਹਾਂ ਦੀ ਨਾਰਾਜ਼ਗੀ ਵਧ ਰਹੀ ਹੈ, ਜਿਸ ਨਾਲ ਵਪਾਰਕ ਅਦਾਰਿਆਂ ਦਾ ਸਾਖ ਤੇ ਵੀ ਅਸਰ ਪੈ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੇ ਪਾਵਰਕਾਮ ਤੋਂ ਨਿਯਮਿਤ ਅਤੇ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਤਕਨੀਕੀ ਕਾਰਨ ਕੱਟ ਲਗਾਉਣਾ ਵੀ ਪਵੇ, ਤਾਂ ਇਸ ਦੀ ਪਹਿਲਾਂ ਤੋਂ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋਕ ਆਪਣੇ ਜ਼ਰੂਰੀ ਕੰਮ ਉਸੇ ਅਨੁਸਾਰ ਤੈਅ ਕਰ ਸਕਣ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਵਿੱਚ ਅਣ-ਐਲਾਨੇ ਬਿਜਲੀ ਕੱਟਾਂ ਨਾਲ ਘਰੇਲੂ ਜੀਵਨ, ਵਪਾਰ ਅਤੇ ਆਮ ਜਨਜੀਵਨ ਤਿੰਨੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਇਸ ਲਈ ਪਾਵਰਕਾਮ ਨੂੰ ਜਲਦ ਹੀ ਇਸ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।