ਸਬ ਤਹਿਸੀਲ ਦੋਦਾ ’ਚੋਂ ਰਾਤ ਸਮੇਂ ਦਰੱਖ਼ਤ ਚੋਰੀ
ਅਣਪਛਾਤੇ ਚੋਰਾਂ ਵੱਲੋਂ ਸਬ ਤਹਿਸੀਲ ਦੋਦਾ ’ਚੋਂ ਰਾਤ ਸਮੇਂ ਦਰੱਖ਼ਤ ਚੋਰੀ
Publish Date: Fri, 20 Feb 2026 05:48 PM (IST)
Updated Date: Fri, 20 Feb 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਸਬ ਤਹਿਸੀਲ ਦੋਦਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਹਿਸੀਲ ਦੇ ਵਿਹੜੇ ’ਚ ਲੱਗੇ ਤਿੰਨ ਦਰੱਖਤ ਅਣਪਛਾਤੇ ਚੋਰ ਰਾਤੋਂ-ਰਾਤ ਕੱਟ ਕੇ ਲੈ ਗਏ। ਇਸ ਤੋਂ ਇਲਾਵਾ ਹੋਰ ਕਈ ਦਰੱਖਤਾਂ ਦੀਆਂ ਟਾਹਣੀਆਂ ਵੀ ਕੱਟ ਦਿੱਤੀਆਂ ਗਈਆਂ, ਜਿਸ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਤੋਂ ਬਾਅਦ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਦਫ਼ਤਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਵਾਜਬ ਹੈ। ਨਾਇਬ ਤਹਿਸੀਲਦਾਰ ਬਲਜਿੰਦਰ ਕੌਰ ਨੇ ਦੱਸਿਆ ਕਿ ਸਬ ਤਹਿਸੀਲ ਪਰਿਸਰ ਵਿੱਚ ਕਈ ਦਰੱਖਤ ਲੱਗੇ ਹੋਏ ਸਨ, ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਤਿੰਨ ਦਰੱਖਤਾਂ ਨੂੰ ਜੜ੍ਹ ਤੋਂ ਕੱਟ ਦਿੱਤਾ ਅਤੇ ਆਪਣੇ ਨਾਲ ਲੈ ਗਏ। ਮੌਕੇ ’ਤੇ ਸਿਰਫ਼ ਜੜ੍ਹਾਂ ਹੀ ਬਚੀਆਂ ਹਨ। ਇਸਤੋਂ ਇਲਾਵਾ ਹੋਰ ਦਰੱਖਤਾਂ ਦੀਆਂ ਟਾਹਣੀਆਂ ਵੀ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸੰਪਤੀ ਨੂੰ ਸਿੱਧਾ ਨੁਕਸਾਨ ਹੈ ਅਤੇ ਇਸ ਸੰਬੰਧੀ ਸ਼ਿਕਾਇਤ ਪੁਲਿਸ ਚੌਕੀ ਦੋਦਾ ਨੂੰ ਦੇ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।