ਠੇਕੇਦਾਰ ’ਤੇ ਸਫਾਈ ਕਰਮਚਾਰੀਆਂ ਦੀ ਤਨਖ਼ਾਹ ਕਟੌਤੀ ਦਾ ਦੋਸ਼ ਯੂਨੀਅਨ ਵੱਲੋਂ ਠੇਕੇਦਾਰ ’ਤੇ ਸਫਾਈ ਕਰਮਚਾਰੀਆਂ ਦੀ ਤਨਖ਼ਾਹ ’ਚ ਕਟੌਤੀ ਕਰਨ ਦਾ ਦੋਸ਼
Publish Date: Thu, 24 Sep 2026 05:35 PM (IST)
Updated Date: Fri, 25 Sep 2026 04:06 AM (IST)
ਸੁਖਦੀਪ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਕ ਨਿੱਜੀ ਕੰਪਨੀ ਦੇ ਠੇਕੇਦਾਰ ’ਤੇ ਸਿਵਲ ਹਸਪਤਾਲਾਂ ’ਚ ਤਾਇਨਾਤ ਸਫ਼ਾਈ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚੋਂ ਕਥਿਤ ਤੌਰ ’ਤੇ ਨਾਜਾਇਜ਼ ਕਟੌਤੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਯੂਨੀਅਨ ਦੇ ਸੂਬਾ ਮੁੱਖ ਸਲਾਹਕਾਰ ਨਵਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਿਵਲ ਹਸਪਤਾਲਾਂ ’ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਪਹਿਲਾਂ ਹੀ 10 ਤੋਂ 12 ਹਜ਼ਾਰ ਰੁਪਏ ਨਿਗੁਣੀ ਤਨਖ਼ਾਹ ਮਿਲਦੀ ਹੈ। ਦੋਸ਼ ਹੈ ਕਿ ਠੇਕੇਦਾਰ ਇਸ ’ਚੋਂ ਵੀ 3-3 ਹਜ਼ਾਰ ਰੁਪਏ ਜ਼ਬਰਦਸਤੀ ਵਸੂਲ ਕੇ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਿਹਾ ਹੈ। ਇੰਨਾ ਹੀ ਨਹੀਂ, ਠੇਕੇਦਾਰ ਨੇ ਮੁਲਾਜ਼ਮਾਂ ਦੇ ਏਟੀਐਮ ਕਾਰਡ, ਬੈਂਕ ਪਾਸਬੁੱਕਾਂ ਅਤੇ ਚੈੱਕ ਬੁੱਕਾਂ ਵੀ ਆਪਣੇ ਕੋਲ ਰੱਖੀਆਂ ਹੋਈਆਂ ਹਨ ਅਤੇ ਆਵਾਜ਼ ਉਠਾਉਣ ਵਾਲੇ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਨਵਦੀਪ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਇਹ ਮਾਮਲਾ ਸਬੰਧਤ ਐਸਐਮਓ ਅਤੇ ਸਿਵਲ ਸਰਜਨ ਦੇ ਧਿਆਨ ’ਚ ਲਿਆਂਦਾ ਗਿਆ ਹੈ, ਜਿਸ ਤੋਂ ਬਾਅਦ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਦੀ ਪੜਤਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੀੜਤ ਮੁਲਾਜ਼ਮਾਂ ਨੂੰ ਜਲਦ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਇਕੱਤਰਤਾ ਕਰਕੇ ਤਿੱਖਾ ਸੰਘਰਸ਼ ਉਲੀਕੇਗੀ।