ਮਾਲਵਾ ਆਰਚਰੀ ਅਕੈਡਮੀ ਦੇ ਉਦੈ ਕੰਬੋਜ ਨੇ ਜਿੱਤਿਆ ਗੋਲਡ ਮੈਡਲ
ਮਾਲਵਾ ਆਰਚਰੀ ਅਕੈਡਮੀ ਗਿੱਦੜਬਾਹਾ ਦੇ ਉਦੈ ਕੰਬੋਜ ਨੇ ਜਿੱਤਿਆ ਸੋਨ ਤਮਗਾ
Publish Date: Tue, 31 Mar 2026 05:04 PM (IST)
Updated Date: Tue, 31 Mar 2026 05:07 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਸਥਿਤ ਮਾਲਵਾ ਆਰਚਰੀ ਅਕੈਡਮੀ ਦੇ ਕੋਚ ਅਮਰਿੰਦਰ ਸਿੰਘ ਅਤੇ ਡਾ. ਨਿਸ਼ਾ ਤੋਮਰ ਨੇ ਦੱਸਿਆ ਕਿ ਤੀਰਅੰਦਾਜੀ ਦੇ ਖਿਡਾਰੀ ਉਦੈ ਕੰਬੋਜ ਪੁੱਤਰ ਮਨਜੀਤ ਕੁਮਾਰ ਵਾਸੀ ਬੱਲੂਆਣਾ ਜ਼ਿਲ੍ਹਾ ਫਾਜ਼ਲਿਕਾ ਨੇ ਬੈਂਕਾਕ ਥਾਈਲੈਂਡ ਵਿਖੇ ਹੋਏ ਤੀਰਅੰਦਾਜੀ ਦੇ ਏਸ਼ੀਆ ਕੱਪ ਵਰਲਡ ਰੈਂਕਿੰਗ ਟੂਰਨਾਮੈਂਟ ਦੇ ਕੰਪਾਉਂਡ ਈਵੈਂਟ ’ਚ ਇੰਡਵਿਜੁਅਲ ਤੌਰ ’ਤੇ ਸੋਨ ਤਮਗਾ ਜਿੱਤਿਆ ਹੈ। ਟੀਮ ਈਵੈਂਟ ਵਿੱਚ ਆਪਣੇ ਸਾਥੀਆ ਰਜਤ ਚੌਹਾਨ, ਰਿਸ਼ਵ, ਜਾਵਰਕਰ ਨਾਲ ਮਿਲ ਕੇ ਕਾਂਸਾ ਤਗਮਾ ਜਿੱਤਿਆ। ਇਸ ਜਿੱਤ ਨਾਲ ਜਿੱਥੇ ਭਾਰਤ ਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣਾ, ਮਾਲਵਾ ਆਰਚਰੀ ਅਕੈਡਮੀ,ਆਪਣੇ ਕੋਚ, ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ ਮਾਣ ਵਧਾਇਆ ਹੈ। ਇਸ ਅਕੈਡਮੀ ਦੀ ਸਥਾਪਨਾ ਸਾਬਕਾ ਮੁਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੁਆਰਾ ਇਸ ਸੁਪਨੇ ਨਾਲ ਹੀ ਕੀਤੀ ਗਈ ਸੀ ਕਿ ਇਥੋਂ ਦੇ ਖਿਡਾਰੀ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਉਦੈ ਕੰਬੋਜ ਰਾਸ਼ਟਰੀ ਪੱਧਰ ’ਤੇ ਕਈ ਮੈਡਲ ਜਿੱਤ ਚੁਕਿਆ ਹੈ। ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਦੇ ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ ਸੇਵਾਮੁਕਤ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਵੱਡੇ ਪੱਧਰ ਤੇ ਮੈਡਲ ਜਿੱਤਣ ਦੀ ਉਮੀਦ ਹੈ। ਉਨ੍ਹਾਂ ਨੇ ਉਦੈ ਕੰਬੋਜ ਦੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਮਾਲਵਾ ਸਕੂਲ ਦੀ ਮੈਨੇਜਮੈਂਟ ਅਤੇ ਮਾਲਵਾ ਆਰਚਰੀ ਰੇਂਜ ਦੀ ਸਾਰੀ ਟੀਮ ਦੇ ਸਿਰ ਬਣਦਾ ਹੈ।