ਮਨਿਸਟਰੀਅਲ ਕਾਮਿਆਂ ਵੱਲੋਂ 2 ਦਿਨਾਂ ਕਲਮਛੋੜ ਹੜਤਾਲ ਮਨਿਸਟਰੀਅਲ ਕਾਮਿਆਂ ਵੱਲੋਂ 2 ਦਿਨਾਂ ਕਲਮਛੋੜ ਹੜਤਾਲ
Publish Date: Mon, 17 Aug 2026 04:58 PM (IST)
Updated Date: Mon, 17 Aug 2026 05:00 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਖਾਲੀ ਪੋਸਟਾਂ ਭਰਨ ਅਤੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਵਾਪਸ ਲੈਣ ਸਬੰਧੀ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਰਕਾਰੀ ਦਫ਼ਤਰਾਂ ’ਚ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਮੁਕੰਮਲ ਕਲਮਛੋੜ ਹੜਤਾਲ/ਕੰਪਿਊਟਰ ਬੰਦ ਹੜਤਾਲ ਕਰਕੇ ਆਪਣਾ ਰੋਸ ਦਰਜ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀਸੀ ਦਫ਼ਤਰ ਕਰਮਚਾਰੀ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਬਾਡੀ ਵੱਲੋਂ ਸਰਕਾਰ ਨੂੰ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਸਰਕਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਹਿੰਗਾਈ ਭੱਤੇ ਸਬੰਧੀ ਦਿੱਤੇ ਗੲੈ ਫੈਸਲੇ ਨੂੰ ਲਾਗੂ ਕਰਕੇ ਕਰਮਚਾਰੀਆਂ ਦਾ ਬਕਾਇਆ ਮਹਿੰਗਾਈ ਭੱਤਾ ਤੁਰੰਤ ਜਾਰੀ ਕਰੇ, ਜੇਕਰ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ 17 ਅਤੇ 18 ਅਗਸਤ ਨੂੰ ਪੰਜਾਬ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਜਾਵੇਗੀ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੇ ਕਿਸੇ ਵੀ ਹੱਕੀ ਤੇ ਜਾਇਜ਼ ਮੰਗ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸਦੇ ਰੋਸ ਵਜੋਂ ਅੱਜ 17 ਅਤੇ 18 ਅਗਸਤ ਦੀ ਕਲਮਛੋੜ ਹੜਤਾਲ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਕੇਵਲ ਲਾਰੇ ਹੀ ਦਿੱਤੇ ਗਏ ਹਨ ਜਦਕਿ ਜ਼ਮੀਨੀ ਪੱਧਰ ਤੇ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਜਿਸਦੀ ਮਿਸਾਲ ਮਾਨਯੋਗ ਹਾਈਕੋਰਟ ਵੱਲੋਂ ਫੈਸਲਾ ਦੇਣ ਦੇ ਬਾਵਜੂਦ ਵੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਜਾਰੀ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਫਰੀ ਦੇ ਗੱਫ਼ੇ ਵੰਡ ਕੇ ਵੱਡੇ ਵੱਡੇ ਇਸ਼ਤਿਹਾਸ ਲਗਾ ਰਹੀ ਹੈ, ਉਥੇ ਦੂਸਰੇ ਪਾਸੇ ਕਰਮਾਰੀਆਂ ਨੂੰ ਉਨ੍ਹਾਂ ਦੇ ਹੱਕ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਮੁਲਾਜ਼ਮ ਵਰਗ ਜਾਗ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਦੀ ਨੀਂਦ ਫਿਰ ਵੀ ਨਾ ਖੁੱਲ੍ਹੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖਾਮਿਆਜਾ ਭੁਗਤਣਾ ਪਵੇਗਾ। ਇਸ ਕਲਮਛੋੜ ਹੜਤਾਲ ਦੇ ਚਲਦਿਆਂ ਜਿਲ੍ਹੇ ਦੇ ਸਮੂਹ ਦਫ਼ਤਰ ਜਿਵੇਂ ਡਿਪਟੀ ਕਮਿਸ਼ਨਰ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰ, ਤਹਿਸੀਲ ਦਫ਼ਤਰ, ਸਬ ਤਹਿਸੀਲ, ਜਲ ਸਪਲਾਈ ਵਿਭਾਗ, ਰੋਡਵੇਜ਼ ਵਿਭਾਗ, ਜੰਗਲਾਤ ਵਿਭਾਗ, ਨਹਿਰੀ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਬਾਗਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਆਬਕਾਰੀ ਤੇ ਕਰਮ ਵਿਭਾਗ ਆਦਿ ਵਿੱਚ ਮੁਕੰਮਲ ਤੌਰ ਤੇ ਕੰਮ ਬੰਦ ਰਿਹਾ। ਆਗੂਆਂ ਨੇ ਦੱਸਿਆ ਕਿ 18 ਅਗਸਤ ਨੂੰ ਜਥੇਬੰਦੀ ਦੀ ਸੂਬਾ ਬਾਡੀ ਵੱਲੋਂ ਅਗਲਾ ਸੰਘਰਸ਼ ਊਲੀਕਿਆ ਜਾਵੇਗਾ, ਇਸ ਤੋਂ ਇਲਾਵਾ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਵੱਲੋਂ 27 ਅਗਸਤ ਦੇ ਮਹਾਂਬੰਦ ਦੌਰਾਨ ਮਨਿਸਟਰੀਲ ਕਾਮੇ ਮੁਕੰਮਲ ਕਲਮਛੋੜ ਹੜਤਾਲ ਤੇ ਰਹਿਣਗੇ। ਇਸ ਮੌਕੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਮਨਿਸਟਰੀਅਲ ਕਾਮੇ ਹਾਜ਼ਰ ਸਨ।